ਸ਼ੇਖ ਰਸ਼ੀਦ ਦੀ ਬਿਆਨਬਾਜ਼ੀ ''ਤੇ ਨਵਜੋਤ ਸਿੱਧੂ ਚੁੱਪ ਕਿਉਂ : ਲੌਂਗੋਵਾਲ

12/03/2019 6:51:48 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼-ਵਿਦੇਸ਼ਾਂ 'ਚ ਰਹਿਣ ਵਾਲੀਆਂ ਸਿੱਖ ਸੰਗਤਾਂ ਨੂੰ ਇਹ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਬਾਰੇ ਭਾਰਤ ਸਰਕਾਰ ਨੂੰ ਜੋ ਚਿਤਾਵਨੀ ਦਿੱਤੀ ਹੈ, ਉਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਸ਼ੇਖ ਰਸੀਦ ਨੂੰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕਰ ਕੇ ਉਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਤਾਰਪੀਡੋ ਕਰ ਰਹੇ ਹਨ ਕਿਉਂਕਿ ਸਿੱਖ ਇਤਿਹਾਸ 'ਚ ਪਹਿਲੇ ਪਾਤਸ਼ਾਹ ਜੀ ਹੋਰ ਧਰਮਾਂ ਦਾ ਜਿਸ ਤਰ੍ਹਾਂ ਸਤਿਕਾਰ ਕਰਦੇ ਸੀ, ਉਸ ਤੋਂ ਵੱਧ ਮੁਸਲਮਾਨ ਫਕੀਰ ਕਾਜ਼ੀ ਉਨ੍ਹਾਂ ਨੂੰ ਪੂਜਦੇ ਸਨ। ਪਾਕਿਸਤਾਨ ਦੇ ਇਨ੍ਹਾਂ ਦੋਵੇਂ ਅਹੁਦੇਦਾਰਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਮਹੱਤਤਾ ਸਿੱਖ ਤੇ ਹਰ ਧਰਮ ਲਈ ਮੁਸਲਮਾਨਾਂ ਦੇ ਮਦੀਨੇ ਨਾਲੋਂ ਵੱਧ ਕੇ ਹੈ। ਇਸ ਸਈ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸੀਦ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਇਸ ਬਾਰੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਖਾਮੋਸ਼ੀ ਸਿੱਖਾਂ ਦੇ ਦਿਲਾਂ 'ਚ ਸਤਿਕਾਰ ਪੈਦਾ ਨਹੀਂ ਕਰਦੀ।

ਸਿੱਧੂ ਕਿਉਂ ਚੁੱਪ ਹਨ
ਭਾਈ ਲੌਂਗੋਵਾਲ ਨੇ ਅਫਸੋਸ ਜ਼ਾਹਿਰ ਕਰਦਿਆਂ ਹੋਇਆ ਕਿਹਾ ਕਿ ਸ਼ੇਖ ਰਸ਼ੀਦ ਵੱਲੋਂ ਦਿੱਤੇ ਗਏ ਇਸ ਦੁੱਖਦਾਈ ਬਿਆਨ ਬਾਰੇ ਕਾਂਗਰਸ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਕਿਉਂ ਚੁੱਪ ਹਨ? ਕੀ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਭਾਈਚਾਰੇ 'ਚ ਸ਼ਾਂਤੀ ਪਾਕਿਸਤਾਨ ਦੇ ਸ਼ੇਖ ਰਸ਼ੀਦ ਦੇ ਇਸ ਬਿਆਨ ਨਾਲ ਭੰਗ ਹੋਵੇ। ਇਸ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਮਿੱਤਰਾਂ ਦੀ ਬਿਆਨਬਾਜ਼ੀ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਉਥੋਂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਹੋਣ ਦੇ ਕੀਤੇ ਖੁਲਾਸੇ ਨੇ ਇਸ ਕਦਮ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਪਾਕਿਸਤਾਨ ਦੇ ਮੰਤਰੀ ਦੇ ਇਸ ਖੁਲਾਸੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਸ਼ੀਦ ਨੇ ਇਸ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।


Anuradha

Content Editor

Related News