GNDU ਨੇ ਜਿੱਤੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ, ਰਾਸ਼ਟਰਪਤੀ ਨੇ ਦਿੱਤਾ ਖੇਡਾਂ ਦਾ ਸਰਵਉੱਚ ਸਨਮਾਨ
Wednesday, Nov 30, 2022 - 11:32 PM (IST)
ਅੰਮ੍ਰਿਤਸਰ (ਜ.ਬ.) : ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ . ਜਸਪਾਲ ਸਿੰਘ ਸੰਧੂ ਨੂੰ ਰਾਸ਼ਟਰਪਤੀ ਭਵਨ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਦੀ ਖੇਡਾਂ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ” ਪ੍ਰਦਾਨ ਕੀਤੀ। ਟਰਾਫੀ ਪ੍ਰਾਪਤ ਕਰਨ ਮੌਕੇ ਉਨ੍ਹਾਂ ਨਾਲ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ/ਦਫਤਰ ਡਾਇਰੈਕਟਰ ਸਪੋਰਟਸ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਪਾਵਰਲਿਫਟਰ ਅਜੈ ਗੋਗਨਾ ਨੇ ਚਮਕਾਇਆ ਨਾਂ, ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਗੋਲਡ ਮੈਡਲ
ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ। ਰਾਸ਼ਟਰਪਤੀ ਵੱਲੋਂ ਇਸ ਮੌਕੇ ਵਾਈਸ-ਚਾਂਸਲਰ ਪ੍ਰੋ.ਸੰਧੂ ਨੂੰ ਖੇਡਾਂ ਦੇ ਵਿਕਾਸ ਅਤੇ ਤਰੱਕੀ ਲਈ 15 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਅਤੇ ਟਰਾਫੀਆਂ ਦਾ ਰਿਪਲੇਕੀਆ ਭੇਟ ਕੀਤਾ ਗਿਆ। ਟਰਾਫੀ ਪ੍ਰਦਾਨ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਇੱਕ ਸ਼ੋਭਾ ਪੱਤਰ ਵੀ ਪੜ੍ਹਿਆ ਗਿਆ।ਯੂਨੀਵਰਸਿਟੀ ਨੇ ਇਹ ਵੱਕਾਰੀ ਟਰਾਫੀ 24ਵੀਂ ਵਾਰ ਜਿੱਤ ਕੇ ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ ’ਤੇ ਇੱਕ ਨਵਾਂ ਤੇ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ਇਸ ਤੋਂ ਪਹਿਲਾਂ ਇਹ ਟਰਾਫੀ ਯੂਨੀਵਰਸਿਟੀ ਵੱਲੋਂ ਸਾਲ 2017-18 ਵਿਚ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਪ੍ਰਾਪਤ ਕੀਤੀ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸਾਲ 2021-2022 ਵਿੱਚ ਸੱਭ ਤੋਂ ਵਧੀਆ ਪ੍ਰਦਰਸ਼ਣ ਕਰਦੇ ਹੋਏ ਭਾਰਤ ਦੀ ਸਰਵੋਤਮ ਮਾਕਾ ਟ੍ਰਾਫੀ ਨੂੰ ਜਿੱਤਣ ਦਾ ਮੁਕਾਮ ਹਾਸਿਲ ਕੀਤਾ ਹੈ । ਯੂਨੀਵਰਸਿਟੀ ਨੇ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸਾਲ 2021-2022 ਵਿਚ ਸੱਭ ਤੋਂ ਜ਼ਿਆਦਾ ਤਮਗੇ ਜਿੱਤੇ ਅਤੇ ਮਾਕਾ ਟਰਾਫੀ ਜਿੱਤਣ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ
ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ ਵੱਲੋਂ 1956-57 ਵਿਚ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਇਹ ਚਲੰਤ ਟਰਾਫੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰ ਵਰ੍ਹੇ ਉਸ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜੋ ਖੇਡਾਂ ਦੇ ਖੇਤਰ ਵਿਚ ਸਰਵਪੱਖੀ ਵਧੀਆ ਕਾਰਗੁਜ਼ਾਰੀ ਦਿਖਾਉਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਪਣੇ ਖੇਡ ਕੈਰੀਅਰ ਦੇ 53 ਸਾਲਾਂ ਦੌਰਾਨ ਇਸ ਟਰਾਫੀ ਲਈ ਅਕਸਰ ਕੋਈ ਨਾ ਕੋਈ ਪੁਜੀਸ਼ਨ ਹਰ ਸਾਲ ਲੈਂਦੀ ਆਈ ਹੈ।ਵਾਈਸ-ਚਾਂਸਲਰ ਪ੍ਰੋ.ਸੰਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 24ਵੀਂ ਵਾਰ ਇਹ ਸਰਵਉੱਚ ਟਰਾਫੀ ਜਿੱਤ ਕੇ ਇੱਕ ਵਾਰ ਫਿਰ ਖੇਡਾਂ ਦੇ ਖੇਤਰ ਵਿਚ ਭਾਰਤ ਦੀ ਸਿਰਮੌਰ ਯੂਨੀਵਰਸਿਟੀ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਅਜੇ ਤਕ ਕੋਈ ਵੀ ਯੂਨੀਵਰਸਿਟੀ ਏਨੀ ਵਾਰ ਇਹ ਟਰਾਫੀ ਪ੍ਰਾਪਤ ਨਹੀਂ ਕਰ ਸਕੀ। ਇਹ ਵੱਕਾਰੀ ਟਰਾਫੀ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਣ ਤੇ ਸਨਮਾਨ ਕੇਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਨਹੀਂ ਮਿਲਿਆ ਸਗੋਂ ਇਹ ਮਾਣ ਸਮੁੱਚੇ ਪੰਜਾਬ ਅਤੇ ਸਮੂਹ ਪੰਜਾਬੀਆਂ ਦੇ ਹਿੱਸੇ ਆਇਆ ਹੈ।ਉਨ੍ਹਾਂ ਕਿਹਾ ਕਿ ਇਸ ਅਨੂਠੀ ਪ੍ਰਾਪਤੀ ਲਈ ਅਸਲ ਹੱਕਦਾਰ ਸਾਡੇ ਉੱਘੇ ਖਿਡਾਰੀ ਹਨ, ਜਿਨ੍ਹਾਂ ਦੀ ਸਖਤ ਮਿਹਨਤ ਅਤੇ ਲਗਨ ਸਦਕਾ, ਯੂਨੀਵਰਸਿਟੀ ਇਹ ਟਰਾਫੀ ਪ੍ਰਾਪਤ ਕਰਨ ਵਿੱਚ 24ਵੀਂ ਵਾਰ ਕਾਮਯਾਬ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ਯੂਨੀਵਰਸਿਟੀ ਦੀ ਇਸ ਮਹੱਤਵਪੂਰਨ ਪ੍ਰਾਪਤੀ ’ਤੇ ਕਾਲਜਾਂ ਦੇ ਪ੍ਰਿੰਸੀਪਲਾਂ, ਕੋਚਾਂ, ਖੇਡ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਲਾਜ਼ਮ ਨੇ ਸਫ਼ਾਈ ਕਰਮਚਾਰੀ ਦੇ ਜੜਿਆ ਥੱਪੜ, ਵੀਡੀਓ ਵਾਇਰਲ ਹੋਣ ਤੋਂ ਬਾਅਦ...(ਵੀਡੀਓ)
ਉਨ੍ਹਾਂ ਨੇ ਕਿਹਾ ਕਿ ਆਪਣੇ ਖੇਡ ਕੈਰੀਅਰ ਦੌਰਾਨ, 24ਵੀਂ ਵਾਰ ਇਹ ਟਰਾਫੀ ਜਿੱਤਣਾ ਇਸ ਯੂਨੀਵਰਸਿਟੀ ਦੀ ਇੱਕ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿੱਚ ਆਪਣੇ ਖਿਡਾਰੀਆਂ ਨੂੰ ਬਹੁਤ ਸਾਰੀਆਂ ਵਿੱਤੀ ਅਤੇ ਖੇਡ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਯੂਨੀਵਰਸਿਟੀ ਆਪਣੇੇ ਖਿਡਾਰੀਆਂ ਨੂੰ ਹੋਰ ਵਧੇਰੇ ਸਹੂਲਤਾਂ ਦੇਣ ਦਾ ਯਤਨ ਕਰੇਗੀ।ਯੂਨੀਵਰਸਿਟੀ ਨੇ ਹੁਣ ਤਕ ਛੇ ਪਦਮਸ਼੍ਰੀ, ਦੋ ਦਰੋਣਾਚਾਰੀਆ, ਦੋ ਧਿਆਨ ਚੰਦ ਅਵਾਰਡੀ, 36 ਅਰਜੁਨ ਅਵਾਰਡੀ ਅਤੇ 44 ਮਹਾਰਾਜਾ ਰਣਜੀਤ ਸਿੰਘ ਐਵਾਰਡੀ ਦੇਸ਼ ਨੂੰ ਦਿੱਤੇ ਹਨ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਯੂਨੀਵਰਸਿਟੀ ਦੀਆਂ ਸ਼ਲਾਘਾਯੋਗ ਖੇਡ ਪ੍ਰਾਪਤੀਆਂ ਨੂੰ ਮੁੱਖ ਰਖਕੇ ਯੂਨੀਵਰਸਿਟੀ ਕੈਂਪਸ ਵਿਖੇ ਸੈਂਟਰ ਆਫ ਐਕਸਾਲੈਂਸ ਇਨ ਸਪੋਰਟਸ ਸਾਇੰਸਜ਼ ਅਤੇ ਜੀ.ਐਨ.ਡੀ.ਯੂ. ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਸਥਾਪਤ ਕੀਤਾ ਗਿਆ ਹੈ। ਹੋਰਨਾਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਯੂਨੀਵਰਸਿਟੀ ਵਿਚ ਖਿਡਾਰੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਵਿਗਿਆਨਿਕ ਸਿਖਲਾਈ ਦਿੱਤੀ ਜਾ ਰਹੀ ਹੈ।ਮਾਕਾ ਟ੍ਰਾਫੀ ਪ੍ਰਾਪਤ ਕਰਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੇਸਰ (ਡਾ.) ਜਸਪਾਲ ਸਿੰਘ ਸੰਧੂ 01 ਦਸੰਬਰ, 20200 ਨੂੰ ਵੀਰਵਾਰ ਨੂੰ ਯੂਨੀਵਰਸਿਟੀ ਵਿੱਚ ਪਹੁੰਚਣਗੇ । ਇਸ ਮੌਕੇ ਨੂੰ ਯਾਦਗਾਰੀ ਬਣਾਉਣ ਦੇ ਲਈ ਕਾਲਜ਼ਾਂ ਦੇ ਪ੍ਰਿੰਸੀਪਲ ਸਾਹਿਬਾਨ, ਵਿਭਾਗਾਂ ਦੇ ਮੁੱਖੀ, ਟੀਚਰਜ਼, ਸਪੋਰਟਸ ਵਿਭਾਗ ਦੇ ਕੋਚਿਜ਼, ਆਦਿ ਵਾਈਸ-ਚਾਂਸਲਰ ਦਾ ਯੂਨੀਵਰਸਿਟੀ ਵਿੱਚ ਆਉਣ ਤੇ ਗਰਮ ਜੋਸ਼ੀ ਨਾਲ ਸਵਾਗਤ ਕਰਣਗੇ । ਇਸ ਉਪਰੰਤ ਟ੍ਰਾਫੀ ਜਿੱਤਣ ਦੀ ਖੁਸ਼ੀ ਵਿੱਚ ਵਾਈਸ-ਚਾਂਸਲਰ ਸਾਹਿਬ ਦੇ ਸਵਾਗਤ ਲਈ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਵਾਗਤ ਪ੍ਰੋਗਰਾਮ ਬਾਅਦ ਦੁਪਹਿਰ 02.00 ਵਜੇ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।