ਹੁਣ ਸੈਕਟਰ-15 ਦੇ ਸੰਪਰਕ ਕੇਂਦਰ ’ਤੇ ਬਣਨਗੇ GMCH-16 ਦੇ ਓ. ਪੀ. ਡੀ. ਕਾਰਡ
Friday, Sep 10, 2021 - 01:54 PM (IST)
ਚੰਡੀਗੜ੍ਹ (ਰਜਿੰਦਰ) : ਸ਼ਹਿਰਵਾਸੀ ਹੁਣ ਸੈਕਟਰ-15 ਦੇ ਸੰਪਰਕ ਕੇਂਦਰ ਵਿਚ ਜੀ. ਐੱਮ. ਐੱਸ. ਐੱਚ.-16 ਦੇ ਓ. ਪੀ. ਡੀ. ਕਾਰਡ ਬਣਵਾ ਸਕਣਗੇ। ਸ਼ੁੱਕਰਵਾਰ ਤੋਂ ਸਵੇਰੇ 8 ਤੋਂ 11 ਵਜੇ ਦੇ ਵਿਚਕਾਰ ਇਹ ਕਾਰਡ ਬਣਨੇ ਸ਼ੁਰੂ ਹੋ ਗਏ ਹਨ। ਇਸ ਲਈ ਲੋਕਾਂ ਨੂੰ 10 ਰੁਪਏ ਦੇਣੇ ਪੈਣਗੇ। ਇਹ ਸਹੂਲਤ ਟ੍ਰਾਇਲ ਵਜੋਂ ਸ਼ੁਰੂ ਕੀਤੀ ਗਈ ਹੈ, ਜਿਸ ਦੇ ਸਫ਼ਲ ਹੋਣ ਤੋਂ ਬਾਅਦ ਸ਼ਹਿਰ ਦੇ ਸਾਰੇ ਸੰਪਰਕ ਕੇਂਦਰਾਂ ਵਿਚ ਇਹ ਸਹੂਲਤ ਦਿੱਤੀ ਜਾਵੇਗੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਹਸਪਤਾਲਾਂ ਵਿਚ ਭੀੜ ’ਤੇ ਰੋਕ ਲੱਗੇਗੀ। ਬੀਤੇ ਦਿਨੀਂ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਜੀ. ਐੱਮ. ਐੱਸ. ਐੱਚ.-16 ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਵੇਖਿਆ ਕਿ ਓ. ਪੀ. ਡੀ. ਕਾਰਡ ਬਣਵਾਉਣ ਲਈ ਕਾਫ਼ੀ ਲੰਬੀ ਕਤਾਰ ਲੱਗੀ ਹੋਈ ਸੀ। ਉਨ੍ਹਾਂ ਨੇ ਫ਼ੈਸਲਾ ਲਿਆ ਸੀ ਕਿ ਭੀੜ ਨੂੰ ਘੱਟ ਕਰਨ ਲਈ ਓ. ਪੀ. ਡੀ. ਕਾਰਡ ਸੰਪਰਕ ਕੇਂਦਰਾਂ ’ਤੇ ਵੀ ਬਣਾਇਆ ਜਾਵੇਗਾ। ਆਈ. ਟੀ. ਵਿਭਾਗ ਦੇ ਸਕੱਤਰ ਵਿਨੋਦ ਪੀ. ਕਾਂਵਲੇ ਨੇ ਕਿਹਾ ਕਿ ਇਹ ਚੰਗੀ ਪਹਿਲ ਹੈ। ਆਈ. ਟੀ. ਵਿਭਾਗ ਦੀ ਡਾਇਰੈਕਟਰ ਨਿਤਿਕਾ ਪਵਾਰ ਨੇ ਕਿਹਾ ਕਿ ਸੰਪਰਕ ਕੇਂਦਰ ਦੀ ਸਿੰਗਲ ਵਿੰਡੋ ਸਿਸਟਮ ਤਹਿਤ ਸਰਕਾਰੀ ਸੇਵਾਵਾਂ ਦਾ ਵਿਸਥਾਰ ਕਰ ਕੇ ਲੋਕਾਂ ਦੇ ਬੋਝ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।