ਮੋਹਾਲੀ : ਗਮਾਡਾ ਵਲੋਂ ਮਕਾਨ ਖਾਲੀ ਕਰਾਉਣ ਦੀ ਤਿਆਰੀ
Wednesday, Feb 28, 2018 - 11:47 AM (IST)

ਮੋਹਾਲੀ (ਕੁਲਦੀਪ) : ਫੇਜ਼-11 ਦੇ ਐੱਲ. ਆਈ. ਜੀ. ਮਕਾਨਾਂ ਤੋਂ ਗੈਰ-ਕਾਨੂੰਨੀ ਦੰਗਾ ਪੀੜਤਾਂ ਦਾ ਕਬਜ਼ਾ ਛੁਡਵਾਉਣ ਵਿਚ ਦੋ ਵਾਰ ਅਸਫਲ ਰਹਿਣ ਤੋਂ ਬਾਅਦ ਗਮਾਡਾ ਨੇ ਲੋਕਾਂ ਨੂੰ ਵੱਖ-ਵੱਖ ਸੈਕਟਰਾਂ ਵਿਚ ਬਣੇ ਹੋਏ ਬੂਥ ਖਰੀਦਣ ਦੀ ਸਕੀਮ ਦਿੱਤੀ ਸੀ ਪਰ ਗਮਾਡਾ ਉਸ ਵਿਚ ਵੀ ਅਸਫਲ ਰਿਹਾ ਹੈ । ਲੋਕਾਂ ਵਲੋਂ ਉਨ੍ਹਾਂ ਮਕਾਨਾਂ 'ਤੇ ਨਾਜਾਇਜ਼ ਕਬਜ਼ੇ ਬਰਕਰਾਰ ਹਨ । ਹੁਣ ਗਮਾਡਾ ਨੇ ਇਹ ਮਕਾਨ ਭਾਰੀ ਪੁਲਸ ਫੋਰਸ ਸਮੇਤ ਖਾਲੀ ਕਰਵਾਉਣ ਲਈ ਤਿਆਰੀ ਕਰ ਲਈ ਹੈ। ਗਮਾਡਾ ਦੇ ਸੂਤਰਾਂ ਦੀ ਮੰਨੀਏ ਤਾਂ ਇਕ ਹਫਤੇ ਵਿਚ ਗਮਾਡਾ ਇਹ ਮਕਾਨ ਖਾਲੀ ਕਰਵਾ ਸਕਦਾ ਹੈ । ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਵਾਰ ਇਹ ਮਕਾਨ ਖਾਲੀ ਕਰਵਾਉਣ ਮੌਕੇ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਔਰਤਾਂ ਹੀ ਅੱਗੇ ਆਉਂਦੀਆਂ ਹਨ, ਜਿਸ ਕਾਰਨ ਮਰਦ ਪੁਲਸ ਮੁਲਾਜ਼ਮਾਂ ਨੂੰ ਸਥਿਤੀ ਕੰਟਰੋਲ ਕਰਨ ਵਿਚ ਮੁਸ਼ਕਲ ਆਉਂਦੀ ਹੈ । ਇਸ ਲਈ ਇਸ ਵਾਰ ਗਮਾਡਾ ਪੁਲਸ ਪ੍ਰਸ਼ਾਸਨ ਨੂੰ ਭਾਰੀ ਗਿਣਤੀ ਵਿਚ ਮਹਿਲਾ ਪੁਲਸ ਮੁਲਾਜ਼ਮ ਭੇਜਣ ਦੀ ਵੀ ਮੰਗ ਕਰ ਰਿਹਾ ਹੈ । ਗਮਾਡਾ ਦੇ ਈ. ਓ. ਇਨਫੋਰਸਮੈਂਟ ਮਹੇਸ਼ ਕੁਮਾਰ ਬੰਸਲ ਨੇ ਦੱਸਿਆ ਕਿ ਗਮਾਡਾ ਵਲੋਂ ਗੈਰ-ਕਾਨੂੰਨੀ ਦੰਗਾ ਪੀੜਤਾਂ ਨੂੰ ਵਧੀਆ ਸਕੀਮ ਦਿੱਤੀ ਗਈ ਸੀ ਪਰ ਲੋਕਾਂ ਨੇ ਉਸ ਵਿਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ । ਉਨ੍ਹਾਂ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਗਮਾਡਾ ਹੁਣ ਬਹੁਤ ਜਲਦੀ ਇਨ੍ਹਾਂ ਮਕਾਨਾਂ ਨੂੰ ਖਾਲੀ ਕਰਵਾਉਣ ਦੀ ਤਿਆਰੀ ਵਿਚ ਹੈ।
ਦੱਸਣਯੋਗ ਹੈ ਕਿ ਉਕਤ ਮਕਾਨਾਂ ਨੂੰ ਗੈਰ-ਕਾਨੂੰਨੀ ਦੰਗਾ ਪੀੜਤਾਂ ਤੋਂ ਖਾਲੀ ਕਰਵਾਉਣ ਲਈ ਗਮਾਡਾ ਵਲੋਂ ਪਿਛਲੇ ਸਾਲ ਜੂਨ ਮਹੀਨੇ ਵਿਚ ਪਹਿਲੀ ਵਾਰ ਨੋਟਿਸ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਦੋ ਵਾਰ ਫਿਰ ਮਕਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਏ ਸੀ । ਲੋਕਾਂ ਦੇ ਵਿਰੋਧ, ਆਤਮਦਾਹ ਦੀਆਂ ਧਮਕੀਆਂ ਤੇ ਸਿਆਸੀ ਦਖਲਅੰਦਾਜ਼ੀ ਕਾਰਨ ਗਮਾਡਾ ਨੇ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਕੁਝ ਸਮੇਂ ਲਈ ਰੋਕ ਦਿੱਤੀ ਸੀ । ਉਸ ਤੋਂ ਬਾਅਦ ਲੋਕਾਂ ਨੂੰ ਬੂਥ ਦੇਣ ਦੀ ਸਕੀਮ ਵੀ ਲਾਂਚ ਕੀਤੀ ਗਈ ਪਰ ਉਸ ਵਿਚ ਵੀ ਲੋਕਾਂ ਨੇ ਦਿਲਚਸਪੀ ਨਹੀਂ ਵਿਖਾਈ । ਹੁਣ ਗਮਾਡਾ ਮਕਾਨ ਖਾਲੀ ਕਰਵਾਉਣ ਦੀ ਤਿਆਰੀ ਵਿਚ ਹੈ ।