''ਗਮਾਡਾ'' ਨੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਆਸਾਨ

Tuesday, Nov 27, 2018 - 08:43 AM (IST)

''ਗਮਾਡਾ'' ਨੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਆਸਾਨ

ਮੋਹਾਲੀ : ਆਪਣੇ ਅਧਿਕਾਰ ਖੇਤਰ 'ਚ ਪੈਂਦੇ ਮੋਹਾਲੀ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਸੈਕਟਰਾਂ ਦੇ ਨਿਵਾਸੀਆਂ ਨੂੰ ਰਾਹਤ ਪ੍ਰਦਾਨ  ਕਰਨ ਦੇ ਮਕਸਦ ਨਾਲ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ 10,000 ਰੁਪਏ ਤੱਕ ਦੀ ਰਾਸ਼ੀ ਦੇ ਪਾਣੀ ਦੇ ਬਿੱਲ ਅਤੇ ਸੀਵਰੇਜ਼ ਸੈੱਸ ਦੀ ਅਦਾਇਗੀ ਨੂੰ ਚੈਕ ਰਾਹੀਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਅਜਿਹੀ ਰਕਮ ਦਾ ਭੂਗਤਾਨ ਡਿਮਾਡ ਡਰਾਫਟ ਜਾਂ ਨਕਦ ਕੀਤਾ ਜਾਂਦਾ ਸੀ। ਜਿਨ੍ਹਾਂ ਸੈਕਟਰਾਂ ਅਤੇ ਪ੍ਰੋਜੈਕਟਾਂ 'ਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ,  ਉਹਨਾਂ ਵਿੱਚ ਸੈਕਟਰ 65 ਤੋਂ 69, ਸੈਕਟਰ 76-80, ਐਰੋਸਿਟੀ, ਆਈ. ਟੀ. ਸਿਟੀ ਅਤੇ ਇਕੋ ਸਿਟੀ-1, ਨਿਊ ਚੰਡੀਗੜ੍ਹ ਸ਼ਾਮਲ ਹਨ।

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗਮਾਡਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੈਕ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਖਪਤਕਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਂ ਜੋ ਉਨ੍ਹਾਂ ਨੂੰ ਨਾ ਤਾਂ ਡਿਮਾਂਡ ਡਰਾਫਟ ਤਿਆਰ ਕਰਾਉਣ ਲਈ ਬੈਕਾਂ ਵਿੱਚ ਜਾਣ ਦੀ ਲੋੜ ਹੋਵੇਗੀ ਅਤੇ ਨਾ ਹੀ ਆਪਣੇ ਨਾਲ ਨਕਦੀ ਚੁੱਕਣ ਦੀ ਜਰੂਰਤ ਹੋਵੇਗੀ। ਇਸ ਕਦਮ ਨਾਲ ਇਨ੍ਹਾਂ ਸੈਕਟਰਾਂ/ਪ੍ਰਾਜੈਕਟਾਂ ਦੇ ਵਸਨੀਕਾਂ ਦਾ ਸਮਾਂ ਅਤੇ ਪੈਸਾ ਬਚੇਗਾ।

ਹਾਲਾਂਕਿ, ਜੇਕਰ ਪਾਣੀ ਦੇ ਬਿੱਲ ਅਤੇ ਸੀਵਰੇਜ਼ ਸੈੱਸ ਦਾ ਭੁਗਤਾਨ ਚੈਕ ਰਾਹੀਂ ਕੀਤਾ ਜਾਂਦਾ ਹੈ, ਤਾਂ ਇਹ ਚੈੱਕ ਬਿਲ ਦੀ ਨਕਦ ਅਦਾਇਗੀ ਦੀ ਨਿਯਤ ਮਿਤੀ ਤੋਂ 3 ਦਿਨ ਪਹਿਲਾਂ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 10,000 ਰੁਪਏ ਤੋਂ ਵੱਧ ਦੇ ਪਾਣੀ ਬਿੱਲ ਅਤੇ ਸੀਵਰੇਜ਼ ਸੈੱਸ ਦੀ ਅਦਾਇਗੀ ਡਿਮਾਂਡ ਡਰਾਫਟ ਰਾਹੀਂ ਜਾਂ ਆਨਲਾਈਨ ਵੀ ਕੀਤੀ ਜਾ ਸਕਦੀ ਹੈ।


Related News