ਮਹਿਲਾ ਦਿਵਸ ਮੌਕੇ ਕੀਤੇ ਜਾਣਗੇ 11 ਲੜਕੀਆਂ ਦੇ ਵਿਆਹ
Wednesday, Jan 10, 2018 - 06:15 PM (IST)

ਬੁਢਲਾਡਾ (ਮਨਜੀਤ)— ਸਥਾਨਕ ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਮੀਟਿੰਗ ਮੁੱਖ ਸੇਵਾਦਾਰ ਮਾ. ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ 'ਚ ਸੰਸਥਾ ਦੀ ਪਿਛਲੇ ਸਾਲ ਦੀ ਕਾਰਗੁਜਾਰੀ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਸੰਬੋਧਨ ਕਰਦਿਆਂ ਸੰਸਥਾ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਸੇਵਾ ਮੁਕਤ ਈ. ਓ. ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵੱਲੋਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਵਿਧਵਾ ਆਸ਼ਰਿਤ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਲੋੜਵੰਦ ਪਰਿਵਾਰ ਆਪਣੀਆਂ ਅਰਜੀਆਂ ਅਤੇ ਇਨ੍ਹਾਂ ਵਿਆਹਾਂ ਲਈ ਯੋਗਦਾਨ ਪਾਉਣ ਦੇ ਇੱਛੁਕ ਦਾਨੀ ਸੱਜਣ ਕੇਂਦਰ ਦੇ ਸਿਨੇਮਾ ਰੋਡ ਸਥਿਤ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ 162 ਲੋੜਵੰਦ ਵਿਧਵਾ ਆਸ਼ਰਿਤ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਨਿਰੰਤਰ ਦਿੱਤੀ ਜਾ ਰਹੀ ਹੈ, ਜਿਸ 'ਤੇ ਪ੍ਰਤੀ ਸਾਲ ਪ੍ਰਤੀ ਪਰਿਵਾਰ ਪੰਜ ਹਜ਼ਾਰ ਦੇ ਕਰੀਬ ਖਰਚਾ ਆ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਹੀ ਪਰਿਵਾਰਾਂ ਦੇ ਪੜ੍ਹ ਰਹੇ ਬੱਚਿਆਂ ਲਈ ਹਰ ਸਾਲ ਲੋੜ ਅਨੁਸਾਰ ਕਿਤਾਬਾਂ, ਕਾਪੀਆਂ, ਪੈਨ ਅਤੇ ਹੋਰ ਪੜ੍ਹਾਈ ਨਾਲ ਸਬੰਧਤ ਸਮੱਗਰੀ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2017-18 ਵਿੱਦਿਅਕ ਸੈਸ਼ਨ ਵਾਸਤੇ 70 ਹਜ਼ਾਰ ਰੁਪਏ ਤੋਂ ਵੱਧ ਦੀ ਇਹ ਪੜ੍ਹਨ ਸਮੱਗਰੀ ਦਿੱਤੀ ਜਾ ਚੁੱਕੀ ਹੈ। ਸੰਸਥਾ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਸੇਵਾ ਮੁਕਤ ਈ. ਓ. ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵੱਲੋਂ ਉਕਤ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ 5100 ਰੁਪਏ ਸ਼ਗਨ ਅਤੇ ਸੂਟ ਦਿੱਤੇ ਜਾਂਦੇ ਹਨ। ਮੀਟਿੰਗ ਦੌਰਾਨ ਬੁਢਲਾਡਾ ਸ਼ਹਿਰ ਵਿਖੇ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਅਤੇ ਕੰਪਿਉਟਰ ਸਿਖਲਾਈ ਸੈਂਟਰ ਵੀ ਖੋਲਣ ਵਾਰੇ ਵੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਬਲਵੀਰ ਸਿੰਘ ਕੈਂਥ, ਦਵਿੰਦਰਪਾਲ ਸਿੰਘ ਲਾਲਾ, ਸੁਭਾਸ਼ ਨਾਗਪਾਲ, ਮਨਜਿੰਦਰ ਸਿੰਘ ਬਿੱਟੂ ਬੱਤਰਾ, ਇੰਦਰਜੀਤ ਸਿੰਘ, ਜਗਮੋਹਨ ਸਿੰਘ, ਮਿਸਤਰੀ ਮਿੱਠੂ ਸਿੰਘ, ਜਸਵਿੰਦਰ ਸਿੰਘ ਆੜ੍ਹਤੀ, ਮਲਕੀਤ ਸਿੰਘ ਕਾਲੜਾ, ਬਲਵੀਰ ਸਿੰਘ ਬੱਤਰਾ, ਅਮਨਪ੍ਰੀਤ ਸਿੰਘ ਅਨੇਜਾ, ਗੁਰਤੇਜ ਸਿੰਘ ਕੈਂਥ, ਮਾ. ਸਿਕੰਦਰ ਸਿੰਘ, ਦਾਰਾ ਸਿੰਘ ਜੱਸਲ, ਗੁਰਚਰਨ ਸਿੰਘ ਮਲਹੋਤਰਾ, ਦਰਸ਼ਨ ਸਿੰਘ, ਮੇਲਾ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ।