50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ ਕੁਲੈਕਟਰ ਰੇਟ

Tuesday, May 20, 2025 - 08:15 AM (IST)

50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ ਕੁਲੈਕਟਰ ਰੇਟ

ਜਲੰਧਰ (ਚੋਪੜਾ)- ਮੰਦੀ ਦੀ ਮਾਰ ਝੱਲ ਰਹੇ ਰੀਅਲ ਸਟੇਟ ਕਾਰੋਬਾਰ ਨੂੰ ਨਵਾਂ ਡੈਂਟ ਪੈਣ ਜਾ ਰਿਹਾ ਹੈ, ਕਿਉਂਕਿ ਜ਼ਿਲ੍ਹੇ ਭਰ ਵਿਚ ਨਵੇਂ ਕੁਲੈਕਟਰ ਰੇਟ 21 ਮਈ ਨੂੰ ਲਾਗੂ ਕੀਤੇ ਜਾ ਰਹੇ ਹਨ। ਜਲੰਧਰ ਵਿਚ ਬੁੱਧਵਾਰ ਨੂੰ ਲਾਗੂ ਹੋਣ ਵਾਲੇ ਇਨ੍ਹਾਂ ਕੁਲੈਕਟਰ ਰੇਟਾਂ ਵਿਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੀਆਂ ਰੈਜ਼ੀਡੈਂਸ਼ੀਅਲ ਜ਼ਮੀਨਾਂ ਦੇ ਇਲਾਵਾ ਕਮਰਸ਼ੀਅਲ, ਇੰਡਸਟਰੀਅਲ ਜ਼ੋਨ ਅਤੇ ਐਗਰੀਕਲਚਰ ਲੈਂਡ ਨਾਲ ਸਬੰਧਤ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਵਿਚ 10 ਤੋਂ ਲੈ ਕੇ 50 ਫੀਸਦੀ ਤਕ ਵਾਧਾ ਕੀਤਾ ਜਾ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਨਵੇਂ ਕੁਲੈਕਟਰ ਰੇਟ ਲਾਗੂ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀਆਂ ਸਾਰੀਆਂ ਪ੍ਰਪੋਜ਼ਲਾਂ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਪਣੀ ਅਪਰੂਵਲ ਦੇ ਦਿੱਤੀ ਹੈ, ਜਿਸ ਨੂੰ ਲੈ ਕੇ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫਤਰਾਂ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਤਾਇਨਾਤ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਦਫਤਰਾਂ ਵਿਚ ਨਵੇਂ ਕੁਲੈਕਟਰ ਰੇਟਾਂ ਨੂੰ ਸਾਫਟਵੇਅਰ ਵਿਚ ਅਪਲੋਡ ਕਰਨ ਦਾ ਖਾਕਾ ਤਿਆਰ ਕਰ ਲਿਆ ਹੈ।

ਨਵੇਂ ਕੁਲੈਕਟਰ ਰੇਟ ਲਾਗੂ ਹੋਣ ਤੋਂ ਬਾਅਦ ਜਲੰਧਰ ਵਿਚ ਪ੍ਰਾਪਰਟੀ ਕਾਫੀ ਮਹਿੰਗੀ ਹੋ ਜਾਵੇਗੀ ਅਤੇ ਆਮ ਤੇ ਗਰੀਬ ਲੋਕਾਂ ਦਾ ਘਰ ਬਣਾਉਣਾ ਇਕ ਸੁਫ਼ਨਾ ਬਣ ਕੇ ਰਹਿ ਕੇ ਜਾਵੇਗਾ। ਪਿਛਲੇ ਸਾਲ ਵਧਾਏ ਗਏ ਕੁਲੈਕਟਰ ਰੇਟਾਂ ਵਿਚ ਜ਼ਿਲ੍ਹੇ ਵਿਚ 8 ਤੋਂ ਲੈ ਕੇ 66 ਫੀਸਦੀ ਤਕ ਵਾਧਾ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਪਲਾਂ 'ਚ ਉੱਜੜ ਗਿਆ ਪੂਰਾ ਪਰਿਵਾਰ ! ਵਿਆਹ 'ਤੇ ਜਾਂਦੇ ਸਮੇਂ ਪਿਓ-ਧੀ ਦੀ ਹੋ ਗਈ ਦਰਦਨਾਕ ਮੌਤ

ਇਸੇ ਕੜੀ ਤਹਿਤ ਸਭ ਤੋਂ ਜ਼ਿਆਦਾ ਕੁਲੈਕਟਰ ਰੇਟ ਹਾਟ ਪ੍ਰਾਪਰਟੀ ਕਾਰੋਬਾਰ ਦੇ ਰੂਪ ਵਿਚ ਮੰਨੀ ਜਾਂਦੀ ਫੋਲੜੀਵਾਲ ਇਲਾਕੇ ਦੀ 66 ਫੁੱਟੀ ਰੋਡ ਦੇ ਵਧਾਏ ਗਏ ਸਨ, ਜਿਥੇ ਪਹਿਲਾਂ ਕੁਲੈਕਟਰ ਰੇਟ 1.50 ਕਰੋੜ ਰੁਪਏ ਪ੍ਰਤੀ ਏਕੜ ਸਨ, ਜਿਸ ਨੂੰ 2023 ਵਿਚ ਵਧਾ ਕੇ 2.50 ਕਰੋੜ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 2024 ਵਿਚ ਇਸ ਇਲਾਕੇ ਦੀ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟਾਂ ਨੂੰ 3 ਕਰੋੜ ਰੁਪਏ ਪ੍ਰਤੀ ਏਕੜ ਕੀਤਾ ਗਿਆ ਪਰ ਹੁਣ ਇਸ ਨੂੰ ਸਿੱਧਾ 4 ਕਰੋੜ ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ।

ਸੂਤਰਾਂ ਦੀ ਮੰਨੀਏ ਤਾਂ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਸਬ-ਰਜਿਸਟਰਾਰ-1, ਸਬ-ਰਜਿਸਟਰਾਰ-2 ਦੇ ਇਲਾਵਾ ਤਹਿਸੀਲ ਨਕੋਦਰ, ਤਹਿਸੀਲ ਸ਼ਾਹਕੋਟ, ਤਹਿਸੀਲ ਫਿਲੌਰ, ਤਹਿਸੀਲ ਆਦਮਪੁਰ ਦੇ ਇਲਾਵਾ ਸਬ-ਤਹਿਸੀਲ ਕਰਤਾਰਪੁਰ, ਸਬ-ਤਹਿਸੀਲ ਭੋਗਪੁਰ, ਸਬ-ਤਹਿਸੀਲ ਮਹਿਤਪੁਰ, ਸਬ-ਤਹਿਸੀਲ ਲੋਹੀਆਂ, ਸਬ-ਤਹਿਸੀਲ ਗੋਰਾਇਆ, ਸਬ-ਤਹਿਸੀਲ ਨੂਰਮਹਿਲ ਵਿਚ ਨਵੇਂ ਕੁਲੈਕਟਰ ਰੇਟਾਂ ਨੂੰ ਲਾਗੂ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਕਿ 21 ਮਈ ਤੋਂ ਜ਼ਿਲ੍ਹੇ ਵਿਚ ਜਿੰਨੀਆਂ ਵੀ ਰਜਿਸਟਰੀਆਂ ਹੋਣ, ਉਹ ਨਵੇਂ ਰੇਟ ਨਾਲ ਹੀ ਕੀਤੀਆਂ ਜਾਣ।

ਇਹ ਵੀ ਪੜ੍ਹੋ- 'ਅਸੀਂ ਹਮਲਾ ਕਰਨ ਜਾ ਰਹੇ ਹਾਂ, ਇਹ ਇਲਾਕਾ ਹੁਣੇ ਕਰ ਦਿਓ ਖ਼ਾਲੀ !' IDF ਨੇ ਜਾਰੀ ਕੀਤੇ ਆਦੇਸ਼

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਪਿਛਲੇ 2-3 ਮਹੀਨਿਆਂ ਤੋਂ ਕੁਲੈਕਟਰ ਰੇਟਾਂ ਨੂੰ ਰਿਵਾਈਜ਼ ਕਰਨ ਦੀ ਕਵਾਇਦ ਜਾਰੀ ਹੈ। ਹੁਣ ਜ਼ਿਲ੍ਹੇ ਵਿਚ ਕੁਲੈਕਟਰ ਰੇਟ ਵਧਣ ਤੋਂ ਬਾਅਦ ਪ੍ਰਾਪਰਟੀ ਦੇ ਖਰੀਦਦਾਰਾਂ ਨੂੰ ਰਜਿਸਟਰੀ ਕਰਵਾਉਣ ਦੌਰਾਨ ਸਟੈਂਪ ਡਿਊਟੀ ਦੇ ਰੂਪ ਵਿਚ ਵਧੀ ਹੋਈ ਫੀਸ ਦਾ ਭੁਗਤਾਨ ਕਰਨਾ ਹੋਵੇਗਾ ਕਿਉਕਿ ਨਵੇਂ-ਪੁਰਾਣੇ ਕੁਲੈਕਟਰ ਰੇਟ ਲਿਸਟ ਵਿਚ ਸ਼ਾਮਲ ਐਗਰੀਕਲਚਰ, ਇੰਡਸਟਰੀਅਲ, ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਦੇ ਰੇਟਾਂ ਨੂੰ ਰਿਵਾਈਜ਼ ਕਰ ਕੇ ਨਵੇਂ ਰੇਟ ਤੈਅ ਕਰ ਦਿੱਤੇ ਜਾਂਦੇ ਹਨ।

ਰੈਵੇਨਿਊ ਅਧਿਕਾਰੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਨਵੇਂ ਕੁਲੈਕਟਰ ਰੇਟਾਂ ਦੀਆਂ ਲਿਸਟਾਂ ਨੂੰ ਸਬੰਧਤ ਐੱਸ.ਡੀ.ਐੱਮ. ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਅਪਰੂਵਲ ਤੋਂ ਬਾਅਦ ਡਿਪਟੀ ਕਮਿਸ਼ਨਰ ਕੋਲ ਭੇਜਿਆ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਦੀ ਮੋਹਰ ਲੱਗਣ ਤੋਂ ਬਾਅਦ ਹੁਣ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਐੱਨ.ਡੀ.ਆਰ.ਐੱਸ. ਸਾਫਟਵੇਅਰ ਵਿਚ ਨਵੇਂ ਰੇਟ ਅਪਲੋਡ ਕਰ ਦਿੱਤੇ ਜਾਣਗੇ, ਜਿਸ ਦੇ ਨਾਲ ਹੀ ਪੁਰਾਣੇ ਕੁਲੈਕਟਰ ਰੇਟਾਂ ਦੀ ਬਜਾਏ ਨਵੇਂ ਰੇਟ ’ਤੇ ਸਟੈਂਪ ਡਿਊਟੀ ਅਤੇ ਰਜਿਸਟਰੀ ਫੀਸ ਦੀ ਆਨਲਾਈਨ ਵਸੂਲੀ ਸ਼ੁਰੂ ਹੋ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News