ਹੁਣ ਸਿਵਲ ਵਰਦੀ ''ਚ ਗਰਲਜ਼ ਕਾਲਜਾਂ ਦੇ ਬਾਹਰ ਮਨਚਲਿਆਂ ਨੂੰ ਫੜਨ ਪੁੱਜੀਆਂ ਮਹਿਲਾ ਪੁਲਸ ਅਧਿਕਾਰੀ
Tuesday, Nov 26, 2019 - 05:17 PM (IST)

ਲੁਧਿਆਣਾ (ਰਿਸ਼ੀ) : ਗਰਲਜ਼ ਕਾਲਜਾਂ ਦੇ ਬਾਹਰ ਛੁੱਟੀ ਸਮੇਂ ਘੁੰਮਣ ਵਾਲੇ ਮਨਚਲਿਆਂ ਨੂੰ ਸਬਕ ਸਿਖਾਉਣ ਲਈ ਐਕਸ਼ਨ 'ਚ ਆਈ ਕਮਿਸ਼ਨਰੇਟ ਦੀ ਪੁਲਸ ਵੱਲੋਂ ਫਿਰ ਕਾਲਜਾਂ ਦੇ ਬਾਹਰ ਪਹਿਰਾ ਦਿੱਤਾ ਗਿਆ। ਹੁਣ ਮਹਿਲਾ ਪੁਲਸ ਅਧਿਕਾਰੀ ਸਿਵਲ ਵਰਦੀ 'ਚ ਕਾਲਜਾਂ ਦੇ ਬਾਹਰ ਪੁੱਜੀਆਂ, ਜਿਨ੍ਹਾਂ ਨੇ ਮਨਚਲਿਆਂ ਦੀ ਜੰਮ ਕੇ ਕਸਰਤ ਕਰਵਾਈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਦੁਪਹਿਰ 1 ਵਜੇ ਛੁੱਟੀ ਹੋਣ ਤੋਂ ਪਹਿਲਾਂ ਖਾਲਸਾ ਕਾਲਜ ਫਾਰ ਵੂਮੈਨ, ਗੁਰੂ ਨਾਨਕ ਖਾਲਸਾ ਕਾਲਜ, ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਗੁਰੂ ਨਾਨਕ ਕਾਲਜ ਦੇ ਬਾਹਰ ਏ. ਸੀ. ਪੀ. ਰੁਪਿੰਦਰ ਕੌਰ, ਏ. ਸੀ. ਪੀ. ਪ੍ਰਭਜੋਤ, ਐੱਸ. ਆਈ. ਮਧੂਬਾਲਾ, ਐੱਸ. ਆਈ. ਹਰਸ਼ਦੀਪ ਅਤੇ ਹੋਰ ਮਹਿਲਾ ਫੋਰਸ ਪੁੱਜ ਗਈ।
ਸਾਰੇ ਸਿਵਲ ਵਰਦੀ 'ਚ ਸਨ, ਜਿਨ੍ਹਾਂ ਵੱਲੋਂ 45 ਮਨਚਲਿਆਂ ਨੂੰ ਦਬੋਚਿਆ ਗਿਆ, ਜਿਨ੍ਹਾਂ ਨੂੰ ਮੌਕੇ 'ਤੇ ਹੀ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਵੱਲੋਂ ਸਾਰਿਆਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਪੁਲਸ ਥਾਣੇ ਬੁਲਾਇਆ ਗਿਆ ਤਾਂ ਕਿ ਪਰਿਵਾਰਾਂ ਨੂੰ ਬੱਚਿਆਂ ਦੀਆਂ ਹਰਕਤਾਂ ਸਬੰਧੀ ਪਤਾ ਲਗ ਸਕੇ। ਨਾਲ ਹੀ ਪੁਲਸ ਸਾਰਿਆਂ ਦੀ ਬੈਕਗਰਾਊਂਡ ਵੈਰੀਫਿਕੇਸ਼ਨ ਵੀ ਕਰਵਾ ਰਹੀ ਹੈ।
ਵਿਦਿਆਰਥਣਾਂ ਦੀ ਸੁਰੱਖਿਆ ਅਤੇ ਮਨਚਲਿਆਂ ਨੂੰ ਸਬਕ ਸਿਖਾਉਣ ਲਈ ਕਦਮ ਚੁੱਕਿਆ ਗਿਆ ਹੈ। ਸਮੇਂ-ਸਮੇਂ 'ਤੇ ਪੁਲਸ ਵੱਲੋਂ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਘਰਾਂ ਤੋਂ ਪੜ੍ਹਨ ਆਉਣ ਵਾਲੀਆਂ ਲੜਕੀਆਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ।- ਰਾਕੇਸ਼ ਅਗਰਵਾਲ, ਪੁਲਸ ਕਮਿਸ਼ਨਰ