ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ

Saturday, Apr 11, 2020 - 06:06 PM (IST)

ਜਲੰਧਰ (ਵਰੁਣ)— ਗੜ੍ਹਾ ਦੇ ਫੱਗੂ ਮੁਹੱਲਾ 'ਚ ਰਹਿੰਦੀ ਇਕ ਲੜਕੀ ਨੇ ਵਿਆਹ ਦੀ ਤਰੀਕ ਵਾਰ-ਵਾਰ ਅੱਗੇ ਵਧਾਉਣ 'ਤੇ ਆਪਣੇ ਮੰਗੇਤਰ ਅਤੇ ਉਸ ਦੀ ਮਾਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ। ਦੇਰ ਸ਼ਾਮ ਪੁਲਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਜਦਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਮੰਗੇਤਰ ਅਤੇ ਉਸ ਦੀ ਮਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਡਿਵੀਜ਼ਨ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੱਗੂ ਮੁਹੱਲਾ 'ਚ ਇਕ ਮੁਟਿਆਰ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ ਹੈ। ਮੌਕੇ 'ਤੇ ਪਹੁੰਚ ਕੇ ਜਦੋਂ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕਾ ਦੀ ਪਛਾਣ ਹਿਮਾਨੀ (24) ਪੁੱਤਰੀ ਸਤਪਾਲ ਵਾਸੀ ਫੱਗੂ ਮੁਹੱਲਾ ਵਜੋਂ ਹੋਈ ਹੈ।

ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ 29 ਮਾਰਚ ਨੂੰ ਹਿਮਾਨੀ ਦਾ ਫਗਵਾੜੀ ਮੁਹੱਲੇ ਦੇ ਰਹਿਣ ਵਾਲੇ ਰਾਕੇਸ਼ ਨਾਲ ਰਿਸ਼ਤਾ ਤੈਅ ਹੋਇਆ ਸੀ ਅਤੇ ਦੋਵਾਂ ਪਰਿਵਾਰਾਂ ਨੇ ਵਿਆਹ ਦੀ ਤਰੀਕ ਵੀ ਤੈਅ ਕਰ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪਰਿਵਾਰ ਨੇ ਵਿਆਹ ਦੇ ਕਾਰਡ ਵੀ ਬਣਵਾ ਲਏ ਸਨ ਪਰ ਲੜਕੇ ਵਾਲੇ ਵਾਰ-ਵਾਰ ਤਰੀਕ ਅੱਗੇ ਵਧਾਉਂਦੇ ਰਹੇ। ਇਸ ਤੋਂ ਪ੍ਰੇਸ਼ਾਨ ਹਿਮਾਨੀ ਨੇ ਆਪਣੇ ਘਰ 'ਚ ਪੱਖੇ 'ਤੇ ਫਾਹਾ ਲਾ ਕੇ ਜਾਨ ਦੇ ਦਿੱਤੀ। ਥਾਣਾ ਡਿਵੀਜ਼ਨ ਨੰ. 7 ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਹਿਮਾਨੀ ਦੇ ਮੰਗੇਤਰ ਰਾਕੇਸ਼ ਕੁਮਾਰ ਅਤੇ ਉਸ ਦੀ ਮਾਂ ਕਮਲੇਸ਼ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਹਿਮਾਨੀ ਕੁਲ ਪੰਜ ਭਰਾ ਭੈਣ ਹਨ। ਪੁਲਸ ਦਾ ਕਹਿਣਾ ਕਿ ਨਾਮਜ਼ਦ ਕੀਤੇ ਗਏ ਮਾਂ ਬੇਟੇ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News