ਜਦੋਂ ਬੀ.ਐਡ. ਦੀਆਂ ਐੱਸ.ਸੀ. ਕੈਟਾਗਿਰੀ ਦੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਪੇਪਰ 'ਚ ਨਾ ਬੈਠਣ ਦਿੱਤਾ

Wednesday, May 16, 2018 - 07:14 PM (IST)

ਜਦੋਂ ਬੀ.ਐਡ. ਦੀਆਂ ਐੱਸ.ਸੀ. ਕੈਟਾਗਿਰੀ ਦੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਪੇਪਰ 'ਚ ਨਾ ਬੈਠਣ ਦਿੱਤਾ

ਦੋਰਾਹਾ (ਗੁਰਮੀਤ ਕੌਰ) : ਜਿੱਥੇ ਇਕ ਪਾਸੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੇ ਵਾਅਦੇ ਕਰਦੇ ਹੋਏ ਪਿੱਛੜੀਆਂ ਜਾਤੀਆਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਅਤੇ ਵਜ਼ੀਫੇ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਊਥੇ ਹੀ ਦੂਜੇ ਪਾਸੇ ਮਾਨਤਾ ਪ੍ਰਾਪਤ ਕਾਲਜ ਵਜੀਫਿਆਂ ਦੇ ਸਿਰ 'ਤੇ ਉਚ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ 'ਤੇ ਕਿਸ ਤਰ੍ਹਾਂ•ਦੇ ਨਿਯਮ ਲਾਗੂ ਕਰ ਰਹੇ ਹਨ, ਦੀ ਤਾਜ਼ਾ ਉਦਾਹਰਨ ਦੋਰਾਹਾ ਦੇ ਇਕ ਬੀ.ਐਡ. ਕਾਲਜ ਦੋਰਾਹਾ ਕਾਲਜ ਆਫ ਐਜੂਕੇਸ਼ਨ ਤੋਂ ਦੇਖਣ ਨੂੰ ਮਿਲੀ। ਜਿੱਥੇ ਅੱਜ ਕਾਲਜ ਦੇ ਪ੍ਰਿੰਸੀਪਲ ਨੇ ਐੱਸ.ਸੀ. ਕੈਟਾਗਿਰੀ ਦੀਆਂ ਵਿਦਿਆਰਥਣਾਂ ਨੂੰ ਕਾਲਜ 'ਚ ਪੇਪਰ 'ਚ ਬੈਠਣ ਤੋਂ ਇਸ ਲਈ ਰੋਕ ਦਿੱਤਾ ਕਿਉਂਕਿ ਵਿਦਿਆਰਥਣਾਂ ਨੇ ਫੀਸ ਨਹੀਂ ਭਰੀ ਸੀ। 
ਸਵੇਰ ਤੋਂ ਹੀ ਪੇਪਰ ਦੇਣ ਲਈ ਆਈਆਂ ਵਿਦਿਆਰਥਣਾਂ ਭਵਿੱਖ ਤਬਾਹ ਹੋਣ ਤੋਂ ਬਚਾਉਣ ਦੇ ਵਾਸਤੇ ਪਾਉਂਦੀਆਂ ਕਾਲਜ ਦੇ ਪ੍ਰਿੰਸੀਪਲ ਦੀਆਂ ਤਰਲੇ ਮਿੰਨਤਾਂ ਕਰਦੀਆਂ ਰਹੀਆਂ ਪਰ ਕਾਲਜ ਪ੍ਰਿੰਸੀਪਲ ਦੇ ਮਨ 'ਚ ਵਿਦਿਆਰਥਣਾਂ ਦੇ ਭਵਿੱਖ ਨੂੰ ਲੈ ਕੇ ਕੋਈ ਦਇਆ ਭਾਵਨਾ ਨਾ ਆਈ ਅਤੇ ਇੰਤਜ਼ਾਰ ਕਰਦੀਆਂ ਵਿਦਿਆਰਥਣਾਂ ਦਾ ਪੇਪਰ ਹੀ ਮਿੱਸ ਹੋ ਗਿਆ। 'ਜਗਬਾਣੀ' ਦੀ ਉਕਤ ਪ੍ਰਤੀਨਿਧੀ ਨੂੰ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਉਨ੍ਹਾਂ ਦਾ ਬੀ.ਐਡ. ਦਾ ਬੀ.ਏ. ਭਾਗ ਦੂਜਾ ਸਮੈਸਟਰ ਦਾ ਅੰਡਰਸਟੈਂਡਿੰਗ ਡਿਸਿਪਲਿਨ ਦਾ ਪੇਪਰ ਸੀ। ਪੇਪਰ ਦੀ ਤਿਆਰੀ ਕਰਕੇ ਜਦੋਂ ਉਹ ਖੁਸ਼ੀ-ਖੁਸ਼ੀ ਪੇਪਰ ਦੇਣ ਲਈ ਕਾਲਜ 'ਚ ਪਹੁੰਚੀਆਂ ਤਾਂ ਕਾਲਜ ਦੇ ਪਿੰ੍ਰਸੀਪਲ ਨੇ ਉਨ੍ਹਾਂ ਨੂੰ ਪੇਪਰ 'ਚ ਬੈਠਣ ਨਹੀਂ ਦਿੱਤਾ ਅਤੇ ਕਿਹਾ ਕਿ ਤੁਹਾਡੀ ਵਜ਼ੀਫੇ ਦੀ ਰਾਸ਼ੀ ਸਰਕਾਰ ਵੱਲੋਂ ਸੈਂਕਸ਼ਨ ਹੋ ਚੁੱਕੀ ਹੈ ਪਰ ਰਿਲੀਜ਼ ਨਹੀਂ ਹੋਈ, 'ਇਸ ਲਈ ਤੁਹਾਨੂੰ ਪਹਿਲਾਂ ਪੱਲਿਓਂ ਫੀਸ ਦੇਣੀ ਪਵੇਗੀ'।
ਵਿਦਿਆਰਥਣਾਂ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਨੇ ਵਜ਼ੀਫੇ ਨਾ ਪਹੁੰਚਣ ਕਾਰਨ ਉਨ੍ਹਾਂ ਦੀਆਂ ਬੇਟੀਆਂ ਦੀ ਪੇਪਰ 'ਚ ਗੈਰਹਾਜ਼ਰੀ ਲਗਾ ਦਿੱਤੀ ਅਤੇ ਕਾਲਜ ਦੀ ਅਜਿਹੀ ਮਨਮਾਨੀ ਕਰਕੇ ਉਨ੍ਹਾਂ ਦੀਆਂ ਧੀਆਂ ਦਾ ਭਵਿੱਖ ਖਤਰੇ 'ਚ ਆ ਗਿਆ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਪੇਪਰ 'ਚ ਬੈਠਣ ਦੇਣ ਦਾ ਮੁੱਦਾ ਉਹ ਸਿੱਖਿਆ ਵਿਭਾਗ ਪਾਸ ਲੈ ਕੇ ਜਾਣਗੇ ਤਾਂ ਜੋ ਮਨਮਾਨੀਆਂ ਕਰਨ ਵਾਲੇ ਅਜਿਹੇ ਕਾਲਜਾਂ 'ਤੇ ਕਾਰਵਾਈ ਹੋ ਸਕੇ। ਇਸ ਘਟਨਾ ਦੌਰਾਨ ਡਿਪਰੈਸ਼ਨ 'ਚ ਆਈ ਇਕ ਵਿਦਿਆਰਥਣ ਪ੍ਰਭਜੋਤ ਕੌਰ ਵਾਸੀ ਪਿੰਡ ਮਹਿੰਦੀਪੁਰ ਬੇਹੋਸ਼ ਹੋ ਕੇ ਡਿੱਗ ਪਈ। ਉਧਰ ਦੂਜੇ ਪਾਸੇ ਵਿਦਿਆਰਥਣਾਂ ਨੇ ਕਾਲਜ ਸਟਾਫ 'ਤੇ ਇਹ ਵੀ ਦੋਸ਼ ਲਗਾਇਆ ਕਿ ਕਾਲਜ ਸਟਾਫ ਵੱਲੋਂ ਉਨ੍ਹਾਂ ਨੂੰ 'ਸਕਾਲਰਸ਼ਿਪ ਸਟੂਡੈਂਟਸ' ਕਹਿ ਕੇ ਹੀ ਬੁਲਾਇਆ ਜਾਂਦਾ ਹੈ ਜਦਕਿ ਕਾਲਜ ਦੀ ਇਕ ਕਲਾਸ ਫਾਰ ਚਪੜਾਸੀ ਵੱਲੋਂ 'ਐਸ.ਸੀ. ਸਟੂਡੈਂਟਸ' ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ। ਵਿਦਿਆਰਥਣਾਂ ਨੇ ਕਾਲਜ ਪਿੰ੍ਰਸੀਪਲ ਦੀ ਅਜਿਹੀ ਮਨਮਾਨੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਾਈਨਲ ਪੇਪਰਾਂ ਦੀ ਗਰੇਡ ਤੋਂ ਪਿੰ੍ਰਸੀਪਲ ਨੇ ਵਾਂਝਾ ਕਰਕੇ ਰੱਖ ਦਿੱਤਾ ਜਿਸ ਕਾਰਨ ਉਹ ਕਾਲਜ ਦੀ ਇਸ ਕੋਝੀ ਹਰਕਤ ਤੋਂ ਬਹੁਤ ਦੁਖੀ ਹਨ। 
ਕੀ ਕਿਹਾ ਕਾਲਜ ਦੇ ਪ੍ਰਿੰਸੀਪਲ ਨੇ
ਜਦੋਂ ਦਫਤਰ 'ਚ ਮੌਜੂਦ ਕਾਲਜ ਦੇ ਪ੍ਰਿੰਸੀਪਲ ਸੰਦੀਪ ਸਾਹਨੀ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਐੱਸ.ਸੀ. ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਵਜੀਫੇ ਦੀ ਰਕਮ ਕਾਲਜ ਪਾਸ ਨਹੀਂ ਪਹੁੰਚੀ ਜਿਸ 'ਤੇ ਉਨ੍ਹਾਂ ਵਿਦਿਆਰਥਣਾਂ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਕੀ ਤੁਹਾਡੇ ਪਾਸ ਅਥਾਰਿਟੀ ਹੈ ਕਿ ਤੁਸੀਂ ਵਿਦਿਆਰਥਣਾਂ ਨੂੰ ਪੇਪਰ ਨਹੀਂ ਬੈਠਣ ਦੇ ਸਕਦੇ? ਤਾਂ ਪਿੰ੍ਰਸੀਪਲ ਕੋਈ ਠੋਸ ਜਵਾਬ ਨਹੀਂ ਦੇ ਸਕੇ। ਵਿਦਿਆਰਥਣਾਂ ਨੂੰ ਜਾਤੀ ਸੂਚਕ ਸ਼ਬਦ ਨਾਲ ਬੁਲਾਉਣ ਦੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਪਿੰਸ੍ਰੀਪਲ ਨੇ ਕਿਹਾ ਕਿ ਵਿਦਿਆਰਥਣਾਂ ਨੂੰ 'ਸਕਾਲਰਸ਼ਿਪ ਸਟੂਡੈਂਟਸ' ਕਹਿ ਕੇ ਬੁਲਾਇਆ ਜਾਂਦਾ ਹੈ। 
ਕੀ ਕਿਹਾ ਮੈਨੇਜ਼ਮੈਟ ਕਮੇਟੀ ਦੇ ਡਾਇਰੈਕਟਰ ਨੇ
ਜਦੋਂ ਇਸ ਸੰਬੰਧੀ ਕਾਲਜ ਦੇ ਡਾਇਰੈਕਟਰ ਜਪਵੀਰ ਸਿੰਘ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਬੜੇ ਰੁੱਖੇ ਰਵੱਈਏ 'ਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ।


Related News