7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ

05/27/2020 6:24:25 PM

ਜਲੰਧਰ (ਮਹੇਸ਼)— ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ 'ਚ 25 ਸਾਲ ਦੇ ਨੌਜਵਾਨ ਵੱਲੋਂ ਆਪਣੀ ਨਾਬਾਲਗ ਭੈਣ ਨਾਲ ਸਰੀਰਕ ਸੰਬੰਧ ਬਣਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਗਿਆ। ਉਕਤ ਭਰਾ ਕਈ ਸਾਲਾਂ ਤੱਕ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਦੋ ਸਾਲ ਪਹਿਲਾਂ ਮਲੇਸ਼ੀਆ ਭੱਜੇ ਉਕਤ ਮੁਲਜ਼ਮ ਖਿਲਾਫ ਆਈ. ਪੀ. ਸੀ. ਦੀ ਧਾਰਾ 376 ਅਤੇ 506 ਤੋਂ ਇਲਾਵਾ ਪੋਸਕੋ ਐਕਟ ਤਹਿਤ 156 ਨੰਬਰ ਐੱਫ.ਆਈ. ਆਰ ਦਰਜ ਕਰ ਲਈ ਹੈ।

ਇੰਝ ਆਈ ਸਾਹਮਣੇ ਸੱਚਾਈ

ਇਕ ਜਨਾਨੀ ਵਕੀਲ ਦੇ ਸੰਪਰਕ 'ਚ ਆਉਣ 'ਤੇ ਉਕਤ 16 ਸਾਲਾ ਲੜਕੀ ਨੇ ਭਰਾ ਦੀ ਕਰਤੂਤ ਬਾਰੇ ਖੁਲਾਸਾ ਕੀਤਾ। ਪੀੜਤਾ ਮੁਤਾਬਕ ਉਹ 9 ਸਾਲ ਦੀ ਸੀ ਜਦੋਂ ਤੋਂ ਉਸ ਦਾ ਭਰਾ ਉਸ ਨਾਲ ਸਰੀਰਕ ਸੰੰਬੰਧ ਬਣਾਉਣ ਲੱਗ ਪਿਆ ਸੀ। ਪੀੜਤਾ ਅਨੁਸਾਰ ਉਸ ਦਾ ਵੱਡਾ ਭਰਾ ਅਤੇ ਉਸ ਦੇ ਮਾਤਾ-ਪਿਤਾ ਘਰ ਤੋਂ ਦੂਰ ਹਵੇਲੀ ਚਲੇ ਜਾਂਦੇ ਸਨ ਤਾਂ ਉਸ ਦਾ ਭਰਾ ਉਸ ਨੂੰ ਘਰ 'ਚ ਇਕੱਲੀ ਪਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗ ਪੈਂਦਾ ਸੀ। 2 ਸਾਲ ਪਹਿਲਾਂ ਉਸ ਦਾ ਭਰਾ ਮਲੇਸ਼ੀਆ ਚਲਾ ਗਿਆ ਸੀ ਅਤੇ ਉਥੋਂ ਵੀ ਉਸ ਨੂੰ ਫੋਨ 'ਤੇ ਧਮਕਾਉਂਦਾ ਰਹਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸੇ ਡਰ ਕਾਰਨ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ।

ਉਸ ਨੇ ਦੱਸਿਆ ਕਿ ਜੇਕਰ ਉਹ ਆਪਣੇ ਕਸਬੇ ਦੀ ਇਕ ਜਨਾਨੀ ਵਕੀਲ ਦੇ ਸੰਪਰਕ 'ਚ ਨਾ ਆਉਂਦੀ ਤਾਂ ਇਹ ਮਾਮਲਾ ਦੱਬਿਆ ਹੀ ਰਹਿ ਜਾਣਾ ਸੀ। ਉਸ ਨੇ ਦੱਸਿਆ ਕਿ ਉਕਤ ਵਕੀਲ ਨੇ ਉਸ ਦਾ ਹੌਸਲਾ ਵਧਾਇਆ, ਜਿਸ ਤੋਂ ਬਾਅਦ ਉਸ ਨੇ ਥਾਣਾ ਸਦਰ ਦੀ ਪੁਲਸ ਸਾਹਮਣੇ ਆਪਣੇ ਭਰਾ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ। ਥਾਣਾ ਸਦਰ ਪੁਲਸ ਇਸ ਸਬੰਧ 'ਚ ਕੇਸ ਦਰਜ ਕਰਨ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ ਮਾਣਯੋਗ ਅਦਾਲਤ 'ਚ ਪੀੜਤਾ ਦੇ ਬਿਆਨ ਕਰਵਾਏਗੀ ਅਤੇ ਸਿਵਲ ਹਸਪਤਾਲ 'ਚ ਮੈਡੀਕਲ ਜਾਂਚ ਵੀ ਕਰਵਾਈ ਜਾਵੇਗੀ।


shivani attri

Content Editor

Related News