ਕਲਯੁਗੀ ਮਾਸੜ ਨੇ ਰਿਸ਼ਤੇ ਕੀਤੇ ਸ਼ਰਮਸਾਰ, 11 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ

Wednesday, May 08, 2019 - 04:17 PM (IST)

ਕਲਯੁਗੀ ਮਾਸੜ ਨੇ ਰਿਸ਼ਤੇ ਕੀਤੇ ਸ਼ਰਮਸਾਰ, 11 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ

ਆਦਮਪੁਰ (ਚਾਂਦ, ਦਿਲਬਾਗੀ)— ਥਾਣਾ ਆਦਮਪੁਰ ਦੇ ਇਕ ਪਿੰਡ ਵਿਖੇ ਇਕ ਨਾਬਾਲਗ ਬੱਚੀ ਨਾਲ ਉਸ ਦੇ ਕਲਯੁੱਗੀ ਮਾਸੜ ਨੇ ਜਬਰ-ਜ਼ਨਾਹ ਕੀਤਾ। ਥਾਣਾ ਮੁਖੀ ਆਦਮਪੁਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਦੀ 11 ਸਾਲਾ ਬੱਚੀ ਨੇ ਰੋਂਦੇ ਹੋਏ ਆਪਣੇ ਸਕੂਲ ਦੀ ਅਧਿਆਪਕ ਨੂੰ ਦੱਸਿਆ ਕਿ ਉਸ ਦਾ ਮਾਸੜ ਮਨਜੀਤ ਹਾਲ ਵਾਸੀ ਲੁਟੇਰਾ ਖੁਰਦ ਉਸ ਨਾਲ ਜਬਰ-ਜ਼ਨਾਹ ਕਰਦਾ ਹੈ। ਇਸ ਸਬੰਧੀ ਸਕੂਲ ਸਟਾਫ ਨੇ ਸਾਰੀ ਜਾਣਕਾਰੀ ਪੰਚਾਇਤ ਨੂੰ ਦਿੱਤੀ, ਜਿਸ ਸਬੰਧੀ ਪੰਚਾਇਤ ਨੇ ਲਿਖਤੀ ਸ਼ਿਕਾਇਤ ਥਾਣਾ ਆਦਮਪੁਰ ਨੂੰ ਕੀਤੀ।
ਸੂਚਨਾ ਮਿਲਣ ਤੋਂ ਬਾਅਦ ਏ. ਐੱਸ. ਆਈ. ਸ਼ਾਮ ਸਿੰਘ ਤੇ ਐੱਸ. ਆਈ. ਸਨੇਹ ਲਤਾ ਨੇ ਪੜਤਾਲ ਸ਼ੁਰੂ ਕੀਤੀ ਅਤੇ ਬੱਚੀ ਦਾ ਮੈਡੀਕਲ ਕਰਵਾਉਣ ਉਪਰੰਤ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਅਤੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਅਤੇ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਦੇ ਬਿਆਨਾਂ 'ਤੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਰਾਰ ਹੋਏ ਮੁਲਜ਼ਮ ਨੂੰ ਆਦਮਪੁਰ ਪੁਲਸ ਵੱਲੋਂ ਕੁਝ ਘੰਟਿਆਂ ਬਾਅਦ ਖੁਰਦਪੁਰ ਨਹਿਰ ਪੁਲ ਤੋਂ ਗ੍ਰਿਫਤਾਰ ਕਰ ਲਿਆ ਗਿਆ।


author

shivani attri

Content Editor

Related News