ਕੁੜੀ ਨੇ ਆਪਣੇ ਹੱਕਾਂ ਲਈ ਸਹੁਰੇ ਘਰ ਬਾਹਰ ਲਾਇਆ ਧਰਨਾ, ਸੁਣਾਈ ਹੱਡ-ਬੀਤੀ

Thursday, Jan 07, 2021 - 01:06 PM (IST)

ਕੁੜੀ ਨੇ ਆਪਣੇ ਹੱਕਾਂ ਲਈ ਸਹੁਰੇ ਘਰ ਬਾਹਰ ਲਾਇਆ ਧਰਨਾ, ਸੁਣਾਈ ਹੱਡ-ਬੀਤੀ

ਖੰਨਾ (ਸੁਖਵਿੰਦਰ ਕੌਰ) : ਇੱਥੇ ਇਕ ਕੁੜੀ ਵੱਲੋਂ ਆਪਣੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਕਰਤਾਰ ਨਗਰ ਸਥਿਤ ਆਪਣੇ ਹੀ ਸਹੁਰਾ ਪਰਿਵਾਰ ਦੇ ਘਰ ਅੱਗੇ ਧਰਨਾ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕੁੜੀ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਨਹੀਂ ਵੜਨ ਦਿੰਦਾ ਅਤੇ ਉਸ ਨਾਲ ਕੁੱਟ-ਮਾਰ ਕਰਦਾ ਆ ਰਿਹਾ ਹੈ। ਬੀਤੇ ਦਿਨ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਹ ਆਪਣੇ ਸਹੁਰੇ ਘਰ ਆਈ ਤਾਂ ਉਸ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਜਿਸ ਕਰਕੇ ਉਹ ਧਰਨੇ ’ਤੇ ਬੈਠ ਗਈ।

ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਬੀਬੀ ਦੇ ਸਹੁਰੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਨੂੰਹ ਉਸ ਦੇ ਕਹਿਣੇ ਤੋਂ ਬਾਹਰ ਹਨ, ਜਿਸ ਕਰਕੇ ਉਸ ਵੱਲੋਂ ਦੋਵਾਂ ਨੂੰ ਬੇਦਖ਼ਲ ਕਰ ਦਿੱਤਾ ਗਿਆ ਹੈ। ਹੁਣ ਉਸ ਦੀ ਨੂੰਹ ਉਨ੍ਹਾਂ ਨੂੰ ਬਿਨਾਂ ਕਾਰਨ ਤੰਗ-ਪਰੇਸ਼ਾਨ ਕਰ ਰਹੀ ਹੈ। ਪੀੜਤ ਕੁੜੀ ਦੇ ਮੁਤਾਬਕ ਖੰਨਾ ਦੀ ਇੱਕ ਚਰਚ ਦੇ ਪਾਦਰੀ ਦੇ ਪੁੱਤਰ ਨੇ ਕੁੱਝ ਸਮਾਂ ਪਹਿਲਾਂ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਸੀ ਪਰ ਜਦੋਂ ਮੁੰਡਾ ਵਿਆਹ ਕਰਾਉਣ ਤੋਂ ਮੁੱਕਰ ਗਿਆ ਸੀ ਤਾਂ ਪੀੜਤਾ ਨੇ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਾ ਦਿੱਤਾ ਸੀ। ਮੁਕੱਦਮਾ ਦਰਜ ਕਰਾਉਣ ਮਗਰੋਂ ਮੁੰਡਾ ਪੀੜਤਾ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਸੀ।

ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗਾ ਤੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਹੁਣ ਉਹ ਅਦਾਲਤ ਤੋਂ ਸਟੇਅ ਲੈ ਕੇ ਆਈ ਤਾਂ ਉਸ ਨੂੰ ਪੁਲਸ ਸਾਹਮਣੇ ਹੀ ਧੱਕੇ ਮਾਰੇ ਗਏ ਅਤੇ ਘਰ ਅੰਦਰ ਨਹੀਂ ਜਾਣ ਦਿੱਤਾ ਗਿਆ। ਕੁੜੀ ਦੀ ਮਾਂ ਨੇ ਵੀ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੁੰਡੇ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। 
 


author

Babita

Content Editor

Related News