ਹੱਥਾਂ 'ਤੇ ਮਹਿੰਦੀ ਰਚਾ ਕੇ ਉਡੀਕਦੀ ਰਹੀ ਲਾੜੀ, ਲਾੜੇ ਦੀ ਸੱਚਾਈ ਨੇ ਚਕਨਾਚੂਰ ਕੀਤੇ ਸਾਰੇ ਸੁਪਨੇ (ਵੀਡੀਓ)

Tuesday, Nov 06, 2018 - 04:57 PM (IST)

ਹੁਸ਼ਿਆਰਪੁਰ (ਅਮਰੀਕ) — ਵਿਆਹ ਨੂੰ ਲੈ ਕੇ ਹਰ ਲੜਕੀ ਨੇ ਕਈ ਸੁਪਨੇ ਸਜਾਏ ਹੁੰਦੇ ਹਨ ਪਰ ਜਦੋਂ ਐਨ ਮੌਕੇ 'ਤੇ ਆ ਕੇ ਲਾੜਾ ਧੋਖਾ ਦੇ ਦੇਵੇ ਤਾਂ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲਿਆ, ਜਿੱਥੇ ਹੱਥਾਂ 'ਤੇ ਮਹਿੰਦੀ ਲਗਾ ਕੇ ਬੈਠੀ ਲਾੜੀ ਆਪਣੇ ਲਾੜਾ ਦਾ ਇੰਤਜ਼ਾਰ ਕਰ ਰਹੀ ਸੀ ਪਰ ਐਨ ਮੌਕੇ 'ਤੇ ਲਾੜਾ ਉਸ ਨੂੰ ਧੋਖਾ ਦੇ ਕੇ ਆਪਣੀ ਭਰਜਾਈ ਨਾਲ ਫਰਾਰ ਹੋ ਗਿਆ। 

PunjabKesari
ਹੁਸ਼ਿਆਰਪੁਰ ਦੇ ਪਿੰਡ ਬਹੋਵਾਲ ਦੇ ਪਰਿਵਾਰ ਜਿੱਥੇ ਸ਼ਹਿਨਾਈ ਵੱਜਣੀ ਸੀ ਪਰ ਹੁਣ ਇਸ ਘਰ 'ਚ ਸਨਾਟਾ ਛਾਇਆ ਹੋਇਆ ਹੈ। ਹਰ ਕਿਸੇ ਦੀਆਂ ਅੱਖਾਂ 'ਚ ਸਿਰਫ ਹੰਝੂ ਹੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ  ਬਹੋਵਾਲ 'ਚ ਰਹਿੰਦੇ ਅਵਤਾਰ ਸਿੰਘ ਨੇ ਆਪਣੀ ਧੀ ਰੇਸ਼ਮਾ (ਕਾਲਪਨਿਕ ਨਾਂ) ਦਾ ਵਿਆਹ ਹੁਸ਼ਿਆਰਪੁਰ ਦੇ ਹੀ ਪਿੰਡ ਥੀਂਡਾ ਦੇ ਐੱਨ. ਆਰ. ਆਈ. ਗੁਰਪ੍ਰੀਤ ਸਿੰਘ ਨਾਲ ਤੈਅ ਕੀਤਾ ਸੀ। ਲੜਕੀ ਦੀ ਮੁਲਾਕਾਤ ਫੇਸਬੁੱਕ ਜ਼ਰੀਏ 5 ਸਾਲ ਪਹਿਲਾਂ ਇਟਲੀ 'ਚ ਰਹਿੰਦੇ ਗੁਰਪ੍ਰੀਤ ਸਿੰਘ ਨਾਲ ਹੋਈ ਸੀ। ਕਰੀਬ ਇਕ ਸਾਲ ਪਹਿਲਾਂ ਦੋਹਾਂ ਦੀ ਮੰਗਣੀ ਵੀ ਹੋਈ। ਮੰਗਣੀ ਤੋਂ ਬਾਅਦ ਲੜਕਾ ਵਿਦੇਸ਼ ਚਲਾ ਗਿਆ। ਸਾਲ ਭਰ ਤੱਕ ਦੋਹਾਂ 'ਚ ਗੱਲਬਾਤ ਦਾ ਸਿਲਸਿਲਾ ਚੱਲਦਾ ਰਿਹਾ। ਇਸੇ ਦੌਰਾਨ ਪਰਿਵਾਰ ਵੱਲੋਂ ਦੋਹਾਂ ਦਾ 5 ਨਵੰਬਰ ਨੂੰ ਵਿਆਹ ਹੋਣਾ ਤੈਅ ਕੀਤਾ ਗਿਆ। ਵਿਆਹ ਦੇ ਇਕ ਦਿਨ ਪਹਿਲਾਂ ਹੀ ਗੁਰਪ੍ਰੀਤ ਰੇਸ਼ਮਾ ਦੇ ਪਿੰਡ ਆਇਆ ਅਤੇ ਘਰ ਦਾ ਪਤਾ ਪੁੱਛਣ ਲੱਗਾ। ਇਸੇ ਦੌਰਾਨ ਗੁਰਪ੍ਰੀਤ ਨਾਲ ਔਰਤ ਵੀ ਸੀ, ਜਿਸ ਨੂੰ ਉਹ ਆਪਣੀ ਭਾਬੀ ਦੱਸ ਰਿਹਾ ਸੀ। ਔਰਤ ਦੇ ਨਾਲ ਆਏ ਕੁਝ ਨੌਜਵਾਨ ਵੀ ਆਏ ਹੋਏ ਸਨ, ਜਿਨ੍ਹਾਂ ਨੇ ਗੁਰਪ੍ਰੀਤ ਨੂੰ ਇਥੋਂ ਗਾਇਬ ਕਰ ਦਿੱਤਾ।

PunjabKesari
ਲੜਕੀ ਦੇ ਪਿਤਾ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਸ ਮਾਮਲੇ ਬਾਰੇ ਉਨ੍ਹਾਂ ਪਤਾ ਲੱਗਾ ਤਾਂ ਪਰਿਵਾਰ ਨੇ ਡੂੰਘਾਈ ਨਾਲ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਵਿਆਹੁਤਾ ਹੈ ਅਤੇ ਜਿਸ ਔਰਤ ਨੂੰ ਉਹ ਭਾਬੀ ਦੱਸ ਰਿਹਾ ਹੈ, ਅਸਲ 'ਚ ਉਸ ਨਾਲ ਹੀ ਉਸ ਨੇ ਕੋਰਟ ਮੈਰਿਜ ਕੀਤੀ ਹੋਈ ਹੈ। ਇਸ ਤੋਂ ਬਾਅਦ ਗੜਸ਼ੰਕਰ ਦੇ ਪਿੰਡ ਥੀਂਡਾ ਜਾ ਕੇ ਛਾਣਬੀਣ ਕੀਤੀ ਗਈ ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਦੋਵੇਂ ਫਰਾਰ ਦੱਸੇ ਜਾ ਰਹੇ ਹਨ। 

PunjabKesari
ਆਪਣੇ ਨਾਲ ਵਾਪਰੀ ਇਸ ਘਟਨਾ ਦੀ ਸ਼ਿਕਾਇਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਸ ਨੂੰ ਦਿੱਤੀ। ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਲੜਕੇ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

PunjabKesari
ਬਿਨਾਂ ਸ਼ੱਕ ਇਸ ਧੋਖੇ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ, ਜਿੱਥੇ ਧੀ ਨੂੰ ਚਾਵਾਂ ਨਾਲ ਡੋਲੀ 'ਚ ਬਿਠਾਉਣ ਦੇ ਮਾਪਿਆਂ ਦੇ ਅਰਮਾਨ ਨੂੰ ਠੇਸ ਪਹੁੰਚੀ ਹੈ, ਉਥੇ ਹੀ ਸਭ ਤੋਂ ਵੱਡਾ ਦੁੱਖ ਉਸ ਲੜਕੀ ਨੂੰ ਹੋਇਆ ਹੈ, ਜਿਸ ਨੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਲਈ ਲੱਖਾਂ ਸੁਪਨੇ ਸਨ। ਪਰ ਕਹਿੰਦੇ ਨੇ ਕਿ ਜੋ ਹੁੰਦਾ ਹੈ, ਚੰਗੇ ਲਈ ਹੁੰਦਾ ਹੈ। ਜੇਕਰ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਸਮਾਂ ਰਹਿੰਦੇ ਸਾਰੇ ਰਾਜ਼ ਖੁੱਲ੍ਹਣ ਨਾਲ ਇਕ ਲੜਕੀ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ।

ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਮਾਮਲਾ ਨਹੀਂ ਹੈ ਕਿ ਜਦੋਂ ਕੋਈ ਲੜਕੀ ਐੱਨ.ਆਰ.ਆਈ. ਦੇ ਧੋਖੇ ਦਾ ਸ਼ਿਕਾਰ ਹੋਈ ਹੋਵੇ, ਇਸ ਤੋਂ ਪਹਿਲਾਂ ਵੀ ਕਈ ਲੜਕੀਆਂ ਵਿਦੇਸ਼ੀ ਲੜਕਿਆਂ ਦੇ ਝਾਂਸੇ ਦਾ ਸ਼ਿਕਾਰ ਹੋ ਚੁੱਕੀਆਂ ਹਨ।


author

shivani attri

Content Editor

Related News