ਖਰੜ 'ਚ ਵੱਡੀ ਵਾਰਦਾਤ : ਚੱਲਦੇ ਆਟੋ 'ਚ ਦਰਿੰਦਿਆਂ ਨੇ ਕੁੜੀ ਦੀ ਇੱਜ਼ਤ ਨੂੰ ਪਾਇਆ ਹੱਥ, ਮਾਰ ਦਿੱਤੀ ਛਾਲ
Thursday, Dec 15, 2022 - 12:24 PM (IST)
ਖਰੜ (ਅਮਰਦੀਪ) : ਆਪਣੀ ਡਿਊਟੀ ਖ਼ਤਮ ਕਰ ਕੇ ਮੋਹਾਲੀ ਤੋਂ ਕੁਰਾਲੀ ਲਈ ਆਟੋ ’ਚ ਬੈਠੀ ਨਰਸ ਨਾਲ ਚੱਲਦੇ ਆਟੋ 'ਚ ਹੀ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਕਿਸੇ ਤਰ੍ਹਾਂ ਆਟੋ ਚਾਲਕ ਅਤੇ ਉਸ ਦੇ ਸਾਥੀ ਦੇ ਚੁੰਗਲ ’ਚੋਂ ਨਿਕਲਣ 'ਚ ਕਾਮਯਾਬ ਹੋ ਗਈ। ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਆਟੋ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਕੁਰਾਲੀ ਸ਼ਹਿਰ ਦੀ ਇਕ ਕੁੜੀ ਇਕ ਹਸਪਤਾਲ ’ਚ ਨਰਸ ਲੱਗੀ ਹੋਈ ਹੈ। ਬੀਤੀ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਨੂੰ ਆ ਰਹੀ ਸੀ। ਜਦੋਂ ਉਹ ਫੇਜ਼-6 ਮੋਹਾਲੀ ਪਹੁੰਚੀ ਤਾਂ ਉਸ ਦੀ ਬੱਸ ਨਿਕਲ ਚੁੱਕੀ ਸੀ। ਇਸ ਮਗਰੋਂ ਉਸ ਨੇ ਇਕ ਆਟੋ ਨੂੰ ਹੱਥ ਦਿੱਤਾ ਅਤੇ ਕੁਰਾਲੀ ਜਾਣ ਲਈ ਆਟੋ ’ਚ ਬੈਠ ਗਈ। ਆਟੋ ਨੂੰ ਪਰਦੇ ਲੱਗੇ ਹੋਏ ਸਨ, ਜਿਸ ਕਾਰਨ ਆਟੋ 'ਚ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ ਪ੍ਰਸ਼ਾਸਨ ਨੇ SSP ਦੇ ਅਹੁਦੇ ਲਈ ਪੰਜਾਬ ਤੋਂ ਮੰਗਿਆ ਅਧਿਕਾਰੀਆਂ ਦਾ ਪੈਨਲ
ਆਟੋ ਅੰਦਰ ਆਟੋ ਚਾਲਕ ਦਾ ਸਾਥੀ ਵੀ ਮੌਜੂਦ ਸਨ। ਚੱਲਦੇ ਆਟੋ 'ਚ ਉਕਤ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਨੇ ਉਨ੍ਹਾਂ ਦਾ ਮੁਕਾਬਲਾ ਕਰ ਕੇ ਕਿਸੇ ਤਰੀਕੇ ਆਟੋ ’ਚੋਂ ਛਾਲ ਮਾਰ ਕੇ ਖ਼ੁਦ ਨੂੰ ਬਚਾਇਆ। ਵਹਿਸ਼ੀ ਦਰਿੰਦਿਆਂ ਨੇ ਪੀੜਤਾ ਨੂੰ ਬੁਰੀ ਤਰ੍ਹਾਂ ਨੋਚਿਆ। ਇਸ ਤੋਂ ਬਾਅਦ ਪੀੜਤਾ ਨੂੰ ਮੋਹਾਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਕੁੜੀ ਦੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸੈਰ ਕਰਦੇ ਲੋਕਾਂ ਨੇ ਖੇਤ 'ਚ ਦੇਖੀ ਕੁੜੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਮੋਹਾਲੀ ਦੇ ਐੱਸ. ਐੱਸ. ਪੀ. ਸੰਦੀਪ ਗਰਗ ਨੇ ਦੱਸਿਆ ਕਿ ਅਮਨਦੀਪ ਸਿੰਘ ਬਰਾੜ ਕਪਤਾਨ ਪੁਲਸ (ਇਨਵੈਸਟੀਗੇਸ਼ਨ), ਨਵਰੀਤ ਸਿੰਘ ਵਿਰਕ ਕਪਤਾਨ ਪੁਲਸ (ਦਿਹਾਤੀ) ਅਤੇ ਰੁਪਿੰਦਰਦੀਪ ਕੌਰ ਸੋਹੀ ਉਪ ਕਪਤਾਨ ਪੁਲਸ ਖਰੜ ਅਤੇ ਗੁਰਸ਼ੇਰ ਸਿੰਘ ਉਪ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਪੁਲਸ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ ਉਰਫ਼ ਬੰਟੀ ਪਿੰਡ ਰਡਿਆਲਾ ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ (24) ਅਤੇ ਮਨਮੋਹਨ ਸਿੰਘ ਉਰਫ਼ ਮਨੀ ਵਾਸੀ ਪਿੰਡ ਸਿੰਘਪੁਰਾ ਨੇੜੇ ਨਾਨਕਸਰ ਗੁਰਦੁਆਰਾ ਕੁਰਾਲੀ (29) ਵਜੋਂ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ