ਕੁੜੀ ਨੂੰ ਨੌਕਰੀ ਦਿਵਾਉਣ ਦਾ ਲਾਰਾ ਲਾ ਦੁਬਈ ਬੁਲਾਇਆ, ਫਿਰ ਜੋ-ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ
Monday, May 29, 2023 - 06:35 PM (IST)
ਹੁਸ਼ਿਆਰਪੁਰ : ਗਰੀਬ ਪਰਿਵਾਰਾਂ ਦੀਆਂ ਧੀਆਂ ਅਤੇ ਔਰਤਾਂ ਨੂੰ ਦੁਬਈ ਅਤੇ ਮਸਕਟ ਵਿਚ ਕੰਮ ’ਤੇ ਲਗਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਉਥੇ ਬੁਲਾ ਕੇ ਅੱਗੇ ਅਮੀਰ ਪਰਿਵਾਰਾਂ ਦੇ ਘਰਾਂ ਵਿਚ ਕੰਮ ਲਈ ਵੇਚਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੀ ਦੁਬਈ ਵਿਚ ਰਹਿੰਦੀ ਨੌਜਵਾਨ ਲੜਕੀ ਆਪਣੇ ਘਰ ਪਹੁੰਚੀ ਅਤੇ ਉਸ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨੂੰ ਮਿਲ ਕੇ ਹੱਡ ਬੀਤੀ ਦੱਸੀ। ਲੜਕੀ ਨੇ ਦੋਸ਼ ਲਗਾਇਆ ਕਿ ਉਸ ਨੂੰ ਉਸ ਦੇ ਪਿੰਡ ਦੀ ਹੀ ਇਕ ਜਨਾਨੀ ਊਸ਼ਾ ਨੇ ਫਸਾ ਦਿੱਤਾ। ਉਕਤ ਨੇ ਪਹਿਲਾਂ ਜ਼ੋਰ ਦੇ ਕੇ ਉਸ ਨੂੰ ਆਪਣੇ ਕੋਲ ਦੁਬਈ ਬੁਲਾਇਆ। ਪਹੁੰਚਣ ’ਤੇ 22 ਦਿਨ ਤਕ ਆਪਣੇ ਕੋਲ ਰੱਖਿਆ ਅਤੇ ਕੁੱਟਮਾਰ ਕਰਦੀ ਰਹੀ। ਫਿਰ ਮਸਕਟ ਦੇ ਕਿਸੇ ਪਰਿਵਰ ਨੂੰ ਵੇਚ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਪੀੜਤਾ ਲਗਭਗ 5 ਮਹੀਨੇ ਬਾਅਦ ਕਿਸੇ ਤਰ੍ਹਾਂ ਵਾਪਸ ਆਪਣੇ ਪਿੰਡ ਪਰਤੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪਿੰਡ ਦੀ ਇਕ ਔਰਤ ਕਾਰਣ ਵੱਡੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਚੁੰਗਲ ’ਚੋਂ ਛੁੱਟ ਕੇ ਆਈ ਹੈ। ਮੁਲਜ਼ਮ ਜਨਾਨੀ ਵੱਡੇ ਗਿਰੋਹ ਨਾਲ ਕੁੜੀਆਂ ਅਤੇ ਔਰਤਾਂ ਨੂੰ ਗੁੰਮਰਾਹ ਕਰਕੇ ਇਥੋਂ ਮੰਗਵਾ ਕੇ ਅੱਗੇ ਵੇਚ ਰਹੀ ਹੈ ਅਤੇ ਉਸ ਕੋਲ ਅਜੇ ਵੀ 30 ਦੇ ਕਰੀਬ ਅਜਿਹੀਆਂ ਮਜਬੂਰ ਲੜਕੀਆਂ ਫਸੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ
ਇਸ ਤਰ੍ਹਾਂ ਬਚ ਕੇ ਪਿੰਡ ਪਰਤੀ ਲੜਕੀ
ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੀ ਲੜਕੀ ਨੇ ਲਿਖਤ ਸ਼ਿਕਾਇਤ ਦਿੱਤੀ ਕਿ ਜਨਵਰੀ ਵਿਚ ਦੁਬਈ ਵਿਚ ਰਹਿੰਦੀ ਪਿੰਡ ਦੀ ਹੀ ਊਸ਼ਾ ਰਾਣੀ ਨੇ ਕਈ ਵਾਰ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਦੁਬਈ ਆ ਜਾਵੇ, ਉਹ ਚੰਗੀ ਨੌਕਰੀ ਲਗਵਾ ਦੇਵੇਗੀ। ਉਸ ਨੇ ਕਿਹਾ ਕਿ ਮੇਰਾ ਕੁਵੈਤ ਦਾ ਵੀਜ਼ਾ ਲੱਗਾ ਹੈ ਪਰ ਉਹ ਨਹੀਂ ਮੰਨੀ। ਆਪਣੇ ਭਰਾ ਬੱਲੂ ਅਤੇ ਮਾਤਾ ਗੀਤਾ ਨਾਲ ਮਿਲਣ ਨੂੰ ਕਿਹਾ। ਉਹ ਜਦੋਂ ਉਨ੍ਹਾਂ ਨੂੰ ਮਿਲਣ ਗਈ ਤਾਂ ਗੱਲਾਂ ਵਿਚ ਆ ਕੇ 30 ਹਜ਼ਾਰ ਰੁਪਏ ਦੇ ਦਿੱਤੇ। 5 ਜਨਵਰੀ ਨੂੰ ਉਹ ਦੁਬਈ ਪਹੁੰਚ ਗਈ। ਉਥੇ ਊਸ਼ਾ ਕੋਲ 22 ਦਿਨ ਰਹੀ। ਇਸ ਦੌਰਾਨ ਕੋਈ ਕੰਮ ਨਹੀਂ ਦਿੱਤਾ ਅਤੇ ਕੁੱਟਮਾਰ ਕਰਨ ਲੱਗੀ। ਮੈਂ ਕਿਹਾ ਕਿ ਮੈਨੂੰ ਘਰ ਭੇਜ ਦਿਓ ਤਾਂ ਉਸ ਨੇ ਦੋ ਲੱਖ ਰੁਪਏ ਦੀ ਮੰਗ ਕੀਤੀ। ਫਿਰ ਧੱਕੇ ਨਾਲ ਮਸਕਟ ਭੇਜ ਦਿੱਤਾ ਅਤੇ ਉਥੋਂ ਨੀਜ਼ਾ ਨਾਮ ਦੀ ਮਹਿਲਾ ਦੇ ਘਰ ਵਿਚ ਬੰਧਕ ਰੱਖਿਆ। ਸਾਰਾ ਦਿਨ ਕੰਮ ਕਰਵਾਇਆ ਜਾਂਦਾ ਪਰ ਪੈਸਾ ਮੰਗਣ ’ਤੇ ਕੁੱਟਮਾਰ ਕੀਤੀ ਜਾਂਦੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਵੇਚਿਆ ਗਿਆ ਹੈ। ਉਹ ਇਕ ਦਿਨ ਚੋਰੀ ਛਿਪੇ ਘਰੋਂ ਨਿਕਲੀ ਅਤੇ ਗੁਰਦੁਆਰਾ ਸਾਹਿਬ ਵਿਚ ਚਲੀ ਗਈ। ਉਥੇ ਉਸ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਸਾਰੀ ਕਹਾਣੀ ਦੱਸੀ। ਜਿਨ੍ਹਾਂ ਨੇ ਪਾਸਪੋਰਟ ਦਿਵਾ ਕੇ ਭਾਰਤ ਪਹੁੰਚਣ ਵਿਚ ਮਦਦ ਕੀਤੀ। ਉਥੇ 25 ਮਈ 2023 ਨੂੰ ਆਪਣੇ ਘਰ ਵਾਪਸ ਆ ਗਈ। ਉਸ ਨੇ ਪੁਲਸ ਨੂੰ ਊਸ਼ਾ ਅਤੇ ਉਸ ਦੀ ਮਾਤਾ ਅਤੇ ਭਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਦੇ ਚੱਲਦੇ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 4 ਲੜਕੀਆਂ ਸਮੇਤ 7 ਗ੍ਰਿਫ਼ਤਾਰ
ਕੀ ਕਹਿਣਾ ਡੀ. ਐੱਸ. ਪੀ. ਦਾ
ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੁਲਜ਼ਮ ਊਸ਼ਾ ਰਾਣੀ ਵਿਦੇਸ਼ ਵਿਚ ਹੈ, ਜਦਕਿ ਉਸ ਦੀ ਮਾਂ ਅਤੇ ਭਰਾ ਘਰੋਂ ਫਰਾਰ ਹਨ। ਦੋਵਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani