ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ 'ਚ ਵਾਪਰੀ ਸ਼ਰਮਨਾਕ ਘਟਨਾ, ਪਰੇਡ ਤੋਂ ਵਾਪਸ ਆ ਰਹੀ 8ਵੀਂ ਕਲਾਸ ਦੀ ਬੱਚੀ ਨਾਲ ਰੇਪ

08/15/2017 1:57:16 PM

ਚੰਡੀਗੜ੍ਹ(ਸੁਸ਼ੀਲ)— ਇਕ ਪਾਸੇ ਜਿੱਥੇ ਅੱਜ ਸਾਡਾ ਦੇਸ਼ ਆਜ਼ਾਦੀ ਦਿਵਸ ਮਨ੍ਹਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਚੰਡੀਗੜ੍ਹ 'ਚੋਂ ਇਕ 8ਵੀਂ ਕਲਾਸ ਦੀ ਬੱਚੀ ਦੇ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਆਜ਼ਾਦੀ ਸਮਾਰੋਹ ਦੇ ਪ੍ਰੋਗਰਾਮ 'ਚ ਹਿੱਸਾ ਲੈ ਕੇ ਵਾਪਸ ਘਰ ਆ ਰਹੀ 8ਵੀਂ ਕਲਾਸ ਦੀ ਬੱਚੀ ਨਾਲ ਰੇਪ ਕੀਤਾ ਗਿਆ। ਜਾਣਕਾਰੀ ਮੁਤਾਬਕ 8ਵੀਂ ਕਲਾਸ ਦੀ ਵਿਦਿਆਰਥਣ ਚੰਡੀਗੜ੍ਹ ਦੇ ਸੈਕਟਰ-23 'ਚ ਸਥਿਤ ਚਿਲਡਰਨ ਟ੍ਰੈਫਿਕ ਪਾਰਕ 'ਚ ਆਯੋਜਿਤ ਆਜ਼ਾਦੀ ਸਮਾਰੋਹ ਦੇ ਪ੍ਰੋਗਰਾਮ 'ਚੋਂ ਹਿੱਸਾ ਲੈ ਕੇ ਵਾਪਸ ਆ ਰਹੀ ਸੀ ਕਿ ਇਸੇ ਦੌਰਾਨ ਇਕ ਨੌਜਵਾਨ ਨੇ ਉਸ ਨੂੰ ਚਾਕੂ ਦੀ ਨੋਕ 'ਤੇ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਟ੍ਰੈਫਿਕ ਪਾਰਕ ਦੇ ਅੰਦਰ ਗੰਦੇ ਨਾਲੇ 'ਚ ਦਿੱਤਾ ਅਤੇ ਬਾਅਦ 'ਚ ਫਰਾਰ ਹੋ ਗਿਆ। ਪੁਲਸ ਦੋਸ਼ੀ ਦੀ ਪਛਾਣ ਲਈ ਪਾਰਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਿਲਡਰਨ ਟ੍ਰੈਫਿਕ ਪਾਰਕ 'ਚ ਹਰ ਸਮੇਂ ਪੁਲਸ ਮੌਜੂਦ ਰਹਿੰਦੀ ਹੈ, ਫਿਰ ਵੀ ਪੁਲਸ ਦੀ ਮੌਜੂਦਗੀ 'ਚ ਇਹ ਵਾਰਦਾਤ ਕਿਵੇਂ ਵਾਪਰ ਗਈ। ਪੁਲਸ ਜਦ ਬੱਚਿਆਂ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਸ਼ਹਿਰ ਦੀ ਕੀ ਕਰੇਗੀ।  ਸੈਕਟਰ-17 ਥਾਣੇ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News