ਸਸਕੌਰ ਸਕੂਲ ਦੀ 8ਵੀਂ ਜਮਾਤ ਦੀ ਨਵਰੂਪ ਨੇ ਰੂਪਨਗਰ ’ਚੋਂ ਪਹਿਲਾ ਸਥਾਨ ਕੀਤਾ ਹਾਸਿਲ

Saturday, Apr 11, 2026 - 02:03 AM (IST)

ਸਸਕੌਰ ਸਕੂਲ ਦੀ 8ਵੀਂ ਜਮਾਤ ਦੀ ਨਵਰੂਪ ਨੇ ਰੂਪਨਗਰ ’ਚੋਂ ਪਹਿਲਾ ਸਥਾਨ ਕੀਤਾ ਹਾਸਿਲ

ਨੂਰਪੁਰਬੇਦੀ (ਸੰਜੀਵ ਭੰਡਾਰੀ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਜ ਬਾਅਦ ਦੁਪਹਿਰ 8ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੀ ਆਰਜੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਸਰਕਾਰੀ ਹਾਈ ਸਕੂਲ ਸਸਕੌਰ ਦੀ ਵਿਦਿਆਰਥਣ ਨਵਰੂਪ ਰਾਜਪਾਲ ਪੁੱਤਰੀ ਅਮਨਦੀਪ ਨੇ ਪੰਜਾਬ ਦੀ ਮੈਰਿਟ ਲਿਸਟ ’ਚ ਚੌਥਾ ਰੈਂਕ ਹਾਸਿਲ ਕੀਤਾ ਹੈ ਜਦਕਿ ਉਕਤ ਵਿਦਿਆਰਥਣ ਜ਼ਿਲੇ ’ਚੋਂ ਪਹਿਲੇ ਸਥਾਨ ’ਤੇ ਰਹੀ ਹੈ।

ਇਸ ਸਬੰਧੀ ਸਕੂਲ ਦੇ ਅਧਿਆਪਕ ਵਿਸ਼ਵਪਾਲ ਰਾਣਾ ਨੇ ਦੱਸਿਆ ਕਿ ਉਕਤ ਵਿਦਿਆਰਥਣ ਨੇ 596/600 (99.33 ਫੀਸਦੀ) ਅੰਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ, ਸਕੂਲ, ਪਿੰਡ ਅਤੇ ਜ਼ਿਲਾ ਰੂਪਨਗਰ ਦਾ ਨਾਂ ਰੋਸ਼ਨ ਕੀਤਾ ਹੈ। ਜਦਕਿ ਬੀ.ਜੇ.ਐੱਸ. ਪਬਲਿਕ ਸਕੂਲ ਸਮੁੰਦੜੀਆਂ ਦੀਆਂ 2 ਵਿਦਿਆਰਥਣਾਂ ਨੇ ਪੰਜਾਬ ਦੀ ਮੈਰਿਟ ਲਿਸਟ ’ਚ ਸਥਾਨ ਹਾਸਿਲ ਕੀਤਾ ਹੈ ਜਿਨ੍ਹਾਂ ’ਚ ਵਿਦਿਆਰਥਣ ਜਾਨਵੀ ਪੁੱਤਰੀ ਸੰਜੀਵ ਕੁਮਾਰ ਨੇ 588 (98 ਫੀਸਦੀ) ਅੰਕ ਹਾਸਿਲ ਕਰ ਕੇ ਪੰਜਾਬ ਦੀ ਮੈਰਿਟ ’ਚ 12ਵਾਂ ਅਤੇ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਨੇ 586 (97.67 ਫੀਸਦੀ) ਅੰਕ ਹਾਸਿਲ ਕਰਕੇ ਮੈਰਿਟ ਲਿਸਟ ’ਚ 14ਵਾਂ ਰੈਂਕ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾ ਰੋਸ਼ਨ ਕੀਤਾ ਹੈ। ਇਸੀ ਪ੍ਰਕਾਰ ਸਰਕਾਰੀ ਹਾਈ ਸਕੂਲ ਬੜਵਾ ਦੀ ਵਿਦਿਆਰਥਣ ਪੂਰਵੀ ਧੀਮਾਨ ਪੁੱਤਰੀ ਇੰਦਰਜੀਤ ਸਿੰਘ ਨੇ 589 (98.17 ਫੀਸਦੀ) ਅੰਕ ਹਾਸਿਲ ਕਰਕੇ ਪੰਜਾਬ ਦੀ ਮੈਰਿਟ ’ਚ 12ਵਾਂ ਸਥਾਨ ਹਾਸਿਲ ਕੀਤਾ ਹੈ।

ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵਿਦਿਆਰਥੀ ਦਮਨਦੀਪ ਸਿੰਘ ਪੁੱਤਰ ਪਰਗਟ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੀ ਐਲਾਨੀ ਮੈਰਿਟ ਸੂਚੀ ’ਚ 14ਵਾਂ ਰੈਂਕ ਪ੍ਰਾਪਤ ਕਰ ਕੇ ਆਪਣੇ ਸਕੂਲ, ਮਾਪਿਆਂ, ਪਿੰਡ ਅਤੇ ਜ਼ਿਲਾ ਰੂਪਨਗਰ ਦਾ ਨਾਂ ਰੋਸ਼ਨ ਕੀਤਾ ਹੈ।

ਇਸ ਪ੍ਰੀਖਿਆ ’ਚ ਦਮਨਦੀਪ ਸਿੰਘ ਨੇ ਆਪਣੀ ਮਿਹਨਤ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਸਦਕਾ 586/600 (97.67 ਫੀਸਦੀ) ਅੰਕ ਪ੍ਰਾਪਤ ਕਰ ਕੇ ਉਚ ਰੈਂਕ ਹਾਸਿਲ ਕੀਤਾ।

ਵਿਦਿਆਰਥੀ ਦੀ ਇਸ ਉਪਲਬਧੀ ਲਈ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ ਦਮਨਦੀਪ ਸਿੰਘ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਵਿਦਿਆਰਥਣ ਦੇ ਮਾਪਿਆਂ ਨੇ ਦਮਨਦੀਪ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜ਼ਾਹਿਰ ਕੀਤੀ।


author

Inder Prajapati

Content Editor

Related News