ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ

Thursday, Oct 29, 2020 - 01:25 PM (IST)

ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਤਿੰਨੇ ਵੱਡੇ ਹਸਪਤਾਲਾਂ ਦੀ ਲਾਪ੍ਰਵਾਹੀ ਨਾਲ ਇਕ ਲੜਕੀ ਦੀ ਵੈਂਟੀਲੇਟਰ ਨਾ ਮਿਲਣ ਨਾਲ ਮੌਤ ਹੋ ਗਈ। ਹਸਪਤਾਲ ਪਰਿਵਾਰ ਨੂੰ ਇਕ ਤੋਂ ਬਾਅਦ ਇਕ ਤਿੰਨੇ ਹਸਪਤਾਲਾਂ 'ਚ ਹੀ ਚੱਕਰ ਲਗਵਾਉਂਦੇ ਰਹੇ। ਅੰਤ 'ਚ ਪੀ. ਜੀ. ਆਈ. ਪਹੁੰਚੀ ਲੜਕੀ ਨੇ ਦਮ ਤੋੜ ਦਿੱਤਾ। ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪਰਿਵਾਰ ਧੱਕੇ ਖਾਂਦਾ ਰਿਹਾ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਸਹਾਰਨਪੁਰ ਦਾ ਪਰਿਵਾਰ 23 ਸਾਲਾ ਬੇਟੀ ਨੂੰ ਪ੍ਰਾਈਵੇਟ ਵੈਂਟੀਲੇਟਰ ਵਾਲੀ ਐਂਬੂਲੈਂਸ ਵਿਚ ਕਰੀਬ ਦੁਪਹਿਰ 12 ਵਜੇ ਲੈ ਕੇ ਪੀ. ਜੀ. ਆਈ. ਪਹੁੰਚਿਆ ਸੀ ਪਰ ਪੀ. ਜੀ. ਆਈ. ਨੇ ਇਹ ਕਹਿ ਕੇ ਉਨ੍ਹਾਂ ਦੀ ਬੇਟੀ ਨੂੰ ਲੈਣੋਂ ਇਨਕਾਰ ਕਰ ਦਿੱਤਾ ਕਿ ਇੱਥੇ ਜਗ੍ਹਾ ਨਹੀਂ ਹੈ ਅਤੇ ਉਸ ਨੂੰ ਜੀ. ਐੱਮ. ਸੀ. ਐੱਚ.-32 ਰੈਫਰ ਕਰ ਦਿੱਤਾ, ਉੱਥੇ ਵੀ ਡਾਕਟਰਾਂ ਨੇ ਇਹੀ ਗੱਲ ਕਹਿ ਕੇ ਉਸ ਲੜਕੀ ਨੂੰ ਲੈਣੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਵਾਪਸ ਪੀ. ਜੀ. ਆਈ. ਲੈ ਜਾਓ। ਅਜਿਹੇ ਵਿਚ ਉਨ੍ਹਾਂ ਨੂੰ ਕਿਸੇ ਨੇ ਜੀ. ਐੱਮ. ਐੱਸ. ਐੱਚ.-16 ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਮਰੀਜ਼ ਨਜ਼ਮਾ ਨੂੰ ਉੱਥੋਂ ਲੈ ਗਏ ਪਰ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਸੀ। ਇਸ ਦੀ ਹਸਪਤਾਲ 'ਚ ਪਹਿਲਾਂ ਹੀ ਸ਼ਾਰਟੇਜ ਹੈ ਅਜਿਹੇ 'ਚ ਉੱਥੋਂ ਇਕ ਵਾਰ ਫਿਰ ਮਰੀਜ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਉਦੋਂ ਤੱਕ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ। ਪਰਿਵਾਰ ਦੁਬਾਰਾ ਲੜਕੀ ਨੂੰ ਲੈ ਕੇ ਪੀ. ਜੀ. ਆਈ. ਪੁੱਜਿਆ ਪਰ ਜਦੋਂ ਤੱਕ ਡਾਕਟਰ ਲੜਕੀ ਦੀ ਜਾਂਚ ਸ਼ੁਰੂ ਕਰਦੇ ਉਹ ਦਮ ਤੋੜ ਚੁੱਕੀ ਸੀ। ਇਸ ਮਾਮਲੇ ਨੂੰ ਲੈ ਕੇ ਦੇਰ ਰਾਤ ਤੱਕ ਪੀ.ਜੀ.ਆਈ. ਵਲੋਂ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਮਨਸਾ ਦੇਵੀ ਗਾਊਧਾਮ 'ਚ 80 ਗਊਆਂ ਦੀ ਮੌਤ, ਫੂਡ ਪੁਆਇਜ਼ਨਿੰਗ ਦਾ ਸ਼ੱਕ     

ਜਦੋਂ ਲਿਆਏ ਸੀ ਤਾਂ ਹਾਲਤ ਠੀਕ ਸੀ
ਨਜ਼ਮਾ ਦੇ ਭਰਾ ਸ਼ਾਹਨਵਾਜ ਨੇ ਦੱਸਿਆ ਕਿ ਜਿਸ ਸਮੇਂ ਉਹ ਭੈਣ ਨੂੰ ਲੈ ਕੇ ਪੀ. ਜੀ. ਆਈ. ਪੁੱਜੇ ਸਨ, ਉਸ ਵਕਤ ਉਸ ਦੀ ਹਾਲਤ ਠੀਕ ਸੀ ਪਰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਕੱਟਦੇ-ਕੱਟਦੇ ਉਨ੍ਹਾਂ ਦੀ ਭੈਣ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ। ਪ੍ਰਾਈਵੇਟ ਐਂਬੂਲੈਂਸ 'ਚ ਉਹ ਉਸ ਨੂੰ ਲੈ ਕੇ ਆਏ ਸਨ। ਉਸ ਨੂੰ ਤੁਰੰਤ ਇਲਾਜ ਦੀ ਲੋੜ ਸੀ। ਜੇਕਰ ਉਸ ਨੂੰ ਪਹਿਲਾਂ ਹੀ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹ ਜਿਉਂਦੀ ਹੁੰਦੀ।

21 ਅਕਤੂਬਰ ਨੂੰ ਹੋਇਆ ਸੀ ਮਿਸਕੈਰੇਜ
ਸ਼ਾਹਨਵਾਜ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਨਜ਼ਮਾ ਦਾ ਵਿਆਹ ਹੋਇਆ ਸੀ। 22 ਅਕਤੂਬਰ ਨੂੰ ਉਸ ਦੀ ਭੈਣ ਦਾ ਮਿਸਕੈਰੇਜ ਹੋਇਆ ਸੀ। ਬੱਚਾ ਪੇਟ ਵਿਚ ਮਰ ਗਿਆ ਸੀ। ਉਸ ਨੂੰ ਆਪ੍ਰੇਸ਼ਨ ਤੋਂ ਬਾਅਦ ਕੱਢਿਆ ਗਿਆ। ਆਪ੍ਰੇਸ਼ਨ ਤੋਂ ਬਾਅਦ ਪਤਾ ਲੱਗਿਆ ਕਿ ਮਰੀਜ਼ ਦੀਆਂ ਅੰਤੜੀਆਂ ਵਿਚ ਸਮੱਸਿਆ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਦੇਹਰਾਦੂਨ ਦੇ ਕਿਸੇ ਹਸਪਤਾਲ ਵਿਚ ਲੈ ਕੇ ਗਏ, ਜਿੱਥੋਂ ਉਸ ਨੂੰ ਹਰਿਦੁਆਰ ਪੇਨੇਸ਼ੀਆ ਹਸਪਤਾਲ ਵਿਚ ਦਾਖਲ ਕੀਤਾ ਗਿਆ। ਜਿੱਥੇ ਮਰੀਜ਼ ਦਾ ਇਕ ਆਪ੍ਰੇਸ਼ਨ ਵੀ ਹੋਇਆ, ਪਰ ਹਾਲਤ ਠੀਕ ਨਹੀਂ ਹੋ ਰਹੀ ਸੀ। ਉੱਥ ਸਭ ਨਾਲ ਕੰਸਲਟ ਕਰਨ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਲੈ ਕੇ ਆਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ

ਜੀ. ਐੱਮ. ਐੱਸ. ਐੱਚ.-16 ਕੋਲ 6 ਵੈਂਟੀਲੇਟਰ ਹਨ, ਜੋ ਕਿ ਕੋਵਿਡ ਵਾਰਡ ਵਿਚ ਲਗਾਏ ਗਏ ਹਨ। ਇਸ ਤਰ੍ਹਾਂ ਦੇ ਸਾਰੇ ਗੰਭੀਰ ਮਰੀਜ਼ਾਂ ਨੂੰ ਅਸੀਂ ਹਮੇਸ਼ਾ ਪੀ. ਜੀ. ਆਈ. ਹੀ ਰੈਫਰ ਕਰਦੇ ਹਾਂ। ਇਹ ਕ੍ਰੀਟੀਕਲ ਮਰੀਜ਼ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰਿਟੀਕਲ ਕੇਅਰ ਦੀ ਲੋੜ ਹੁੰਦੀ ਹੈ। ਜੋ ਕਿ ਸਾਡੇ ਕੋਲ ਸੰਭਵ ਨਹੀਂ ਹੁੰਦਾ। -ਡਾ. ਵੀ. ਐੱਸ. ਨਾਗਪਾਲ, ਐੱਮ. ਐੱਸ., ਜੀ. ਐੱਮ. ਐੱਸ. ਐੱਚ.-16

ਸਾਡੀ ਕੋਸ਼ਿਸ਼ ਹੈ ਕਿ ਹਰ ਮਰੀਜ਼ ਨੂੰ ਇਲਾਜ ਮਿਲੇ। ਕੋਵਿਡ ਦੇ ਸਮੇਂ ਵਿਚ ਵੀ ਨਾਨ-ਕੋਵਿਡ ਨੂੰ ਚੰਗਾ ਇਲਾਜ ਦਿੱਤਾ ਜਾ ਰਿਹਾ ਹੈ। ਜਿੱਥੇ ਤੱਕ ਇਸ ਕੇਸ ਦਾ ਸਵਾਲ ਹੈ, ਤਾਂ ਮੈਨੂੰ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

-ਡਾ. ਜਸਵਿੰਦਰ ਕੌਰ, ਐਕਟਿੰਗ ਡਾਇਰੈਕਟਰ, ਜੀ. ਐੱਮ . ਸੀ. ਐੱਚ.-32।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਮੋਹਕਮ ਸਿੰਘ ਤੇ ਭਾਈ ਮਨਜੀਤ ਸਿੰਘ ਭੋਮਾ ਦੀ ਦੋਗਲੀ ਨੀਤੀ 'ਤੇ ਚੁੱਕੇ ਸਵਾਲ


author

Anuradha

Content Editor

Related News