ਫਾਜ਼ਿਲਕਾ ''ਚ ਵਾਪਰਿਆ ਰੂਹ ਕੰਬਾਊ ਹਾਦਸਾ, ਪੇਪਰ ਦੇ ਕੇ ਘਰ ਪਰਤ ਰਹੀ ਕੁੜੀ ਨੂੰ ਰਾਹ ’ਚ ਮਿਲੀ ਦਰਦਨਾਕ ਮੌਤ
Sunday, Apr 30, 2023 - 05:47 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਮੁਹਾਰ ਖੀਵਾ ਦੇ ਨੇੜੇ ਹੋਏ ਸੜਕ ਹਾਦਸੇ ’ਚ ਇਕ ਕੁੜੀ, ਜੋ ਸਕੂਲ ਤੋਂ ਪੜ੍ਹ ਕੇ ਐਕਟੀਵਾ ’ਤੇ ਘਰ ਜਾ ਰਹੀ ਸੀ ਕਿ ਅਚਾਨਕ ਰੋਡ ਰੋਲਰ ਦੇ ਹੇਠਾਂ ਆ ਗਈ, ਜਿਸ ਦੇ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਗਦੀਸ਼ ਸਿੰਘ ਮਨਸਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੇੜੇ ਇਹ ਦਰਦਨਾਕ ਹਾਦਸਾ ਹੋਇਆ ਹੈ। ਵੀਰ ਸਿਘ ਵਾਸੀ ਪਿੰਡ ਮੁਹਾਰ ਜਮਸ਼ੇਰ ਦੀ ਕੁੜੀ ਨੀਸ਼ਾ ਰਾਣੀ ਫਾਜ਼ਿਲਕਾ ਦੇ ਇਕ ਸਕੂਲ ਤੋਂ ਪੜ੍ਹ ਕੇ ਵਾਪਸ ਘਰ ਆ ਰਹੀ ਸੀ ਤਾਂ ਰਸਤੇ ’ਚ ਅਚਾਨਕ ਰੋਡ ਰੋਲਰ ਦੇ ਹੇਠਾਂ ਆ ਗਈ, ਜਿਸ ਦੇ ਕਾਰਨ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਦੱਸਿਆ ਕਿ ਪਿੰਡ ਨੇੜੇ ਸੜਕ ਬਣ ਰਹੀ ਹੈ, ਜਿਸ ਦੇ ਕਾਰਨ ਇੱਥੇ ਕਈ ਹਾਦਸੇ ਹੋ ਚੁੱਕੇ ਹਨ। ਇਸ ਸੜਕ ਦਾ ਕੰਮ 6 ਮਹੀਨੇ ’ਚ ਪੂਰਾ ਹੋ ਜਾਣਾ ਸੀ ਪਰ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦਿਆਂ ਇਸ ਕੰਮ ’ਚ ਦੇਰੀ ਹੋਈ ਹੈ।
ਇਹ ਵੀ ਪੜ੍ਹੋ- ਮਖੂ ’ਚ ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਘਰਾਂ ’ਚ ਵਿਛ ਗਏ ਸੱਥਰ
ਉੱਥੇ ਹੀ ਮ੍ਰਿਤਕ ਕੁੜੀ ਦੇ ਚਾਚਾ ਪੱਪੂ ਸਿੰਘ ਨੇ ਦੱਸਿਆ ਕਿ ਵੀਰ ਸਿੰਘ ਦੀਆਂ ਦੋ ਕੁੜੀਆਂ ਹਨ, ਜਿਨ੍ਹਾਂ ਵਿੱਚੋਂ ਇਕ ਕਾਲਜ ’ਚ ਪੜ੍ਹਦੀ ਹੈ ਅਤੇ ਦੂਸਰੀ ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ’ਚ ਪੜ੍ਹਦੀ ਸੀ। ਨੀਸ਼ਾ ਦੇ ਸਕੂਲ ’ਚ ਪੇਪਰ ਚੱਲ ਰਹੇ ਸਨ ਅਤੇ ਸ਼ਨੀਵਾਰ ਸਵੇਰੇ ਪ੍ਰੈਕਟੀਕਲ ਦਾ ਪੇਪਰ ਜਲਦੀ ਖ਼ਤਮ ਹੋ ਗਿਆ। ਪੇਪਰ ਦੇ ਕੇ ਜਦੋਂ ਉਹ ਵਾਪਸ ਘਰ ਪਰਤ ਰਹੀ ਸੀ ਤਾਂ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ, ਜਿਨ੍ਹਾਂ ਵੱਲੋਂ ਸੂਚਨਾ ਪੁਲਸ ਨੂੰ ਦੇਣ ਤੋਂ ਬਾਅਦ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ। ਪੁਲਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਪਤਨੀ ਨਾਲ ਹੋਏ ਝਗੜੇ ਮਗਰੋਂ ਸਹੁਰਿਆਂ ਵੱਲੋਂ ਜਵਾਈ ਦੀ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦੇ ਨੇ ਕੀਤੀ ਖ਼ੁਦਕੁਸ਼ੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।