ਸ਼ੱਕੀ ਹਾਲਾਤ ’ਚ ਕੁੜੀ ਨੇ ਸ਼ੋਅਰੂਮ ’ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Saturday, May 17, 2025 - 08:16 AM (IST)

ਸ਼ੱਕੀ ਹਾਲਾਤ ’ਚ ਕੁੜੀ ਨੇ ਸ਼ੋਅਰੂਮ ’ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਟਿੱਬਾ ਰੋਡ ਦੀ ਇਕ ਲੜਕੀ ਨੇ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਅੰਦਰ ਹੀ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਸ਼ੋਅਰੂਮ ਮਾਲਕ ਖਾਣਾ ਖਾਣ ਤੋਂ ਬਾਅਦ ਵਾਪਸ ਆਇਆ। ਉਸ ਦੇ ਤੁਰੰਤ ਸੂਚਨਾ ਦੇਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ। ਮ੍ਰਿਤਕਾ ਦੀ ਪਛਾਣ ਸ਼ਕਤੀ ਨਗਰ ਦੀ ਰਹਿਣ ਵਾਲੀ ਅਨਾਮਿਕਾ (29) ਵਜੋਂ ਹੋਈ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

ਜਾਣਕਾਰੀ ਮੁਤਾਬਕ ਅਨਾਮਿਕਾ ਦਾ ਪਰਿਵਾਰ ਸ਼ਕਤੀ ਨਗਰ ਇਲਾਕੇ ’ਚ ਰਹਿੰਦਾ ਹੈ ਪਰ ਉਹ ਖੁਦ ਜਲੰਧਰ ਬਾਈਪਾਸ ਕੋਲ ਸਥਿਤ ਇਕ ਪੀ. ਜੀ. ਵਿਚ ਰਹਿੰਦੀ ਸੀ ਅਤੇ ਕਿੰਗ ਫੈਸ਼ਨ ਵਰਲਡ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ’ਚ ਕੰਮ ਕਰਦੀ ਸੀ। ਸ਼ੋਅਰੂਮ ਮਾਲਕ ਸ਼ੋਏਬ ਰੋਜ਼ਾਨਾ ਵਾਂਗ ਸ਼ੁੱਕਰਵਾਰ ਦੀ ਦੁਪਹਿਰ ਨੂੰ ਵੀ ਘਰ ਖਾਣਾ ਖਾਣ ਲਈ ਗਿਆ ਸੀ। ਇਸੇ ਦੌਰਾਨ ਪਿੱਛੋਂ ਅਨਾਮਿਕਾ ਨੇ ਸ਼ੋਅਰੂਮ ’ਚ ਹੀ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਸ਼ੋਏਬ ਖਾਣਾ ਖਾ ਕੇ ਵਾਪਸ ਆਇਆ ਤਾਂ ਅੰਦਰ ਅਨਾਮਿਕਾ ਦੀ ਲਾਸ਼ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਪਤੀ ਨੂੰ ਕਤਲ ਕਰਨ ਤੋਂ ਛੇ ਘੰਟੇ ਬਾਅਦ ਹੀ ਪਤਨੀ ਆਸ਼ਕ ਸਣੇ ਗ੍ਰਿਫ਼ਤਾਰ

ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਅਨਾਮਿਕਾ ਦੇ ਉਕਤ ਸ਼ੋਅਰੂਮ ਮਾਲਕ ਨਾਲ ਹੀ ਸਬੰਧ ਸਨ ਅਤੇ ਉਹ ਪਿਛਲੇ 2 ਸਾਲਾਂ ਤੋਂ ਉਸ ਨਾਲ ਰਿਲੇਸ਼ਨਸ਼ਿਪ ਵਿਚ ਸੀ, ਜਿਸ ਕਾਰਨ ਪਰਿਵਾਰ ਤੋਂ ਵੱਖ ਰਹਿ ਰਹੀ ਸੀ। ਜ਼ਰੂਰ ਕੋਈ ਗੱਲ ਹੋਈ ਹੋਵੇਗੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਉਧਰ, ਪੁਲਸ ਦਾ ਕਹਿਣਾ ਹੈ ਕਿ ਦੁਕਾਨ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਮ੍ਰਿਤਕ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News