ਵਿਦਿਆਰਥਣ ਨੇ ਫਾਹਾ ਲਾ ਕੇ ਦਿੱਤੀ ਜਾਨ

Wednesday, Aug 02, 2017 - 07:54 AM (IST)

ਵਿਦਿਆਰਥਣ ਨੇ ਫਾਹਾ ਲਾ ਕੇ ਦਿੱਤੀ ਜਾਨ

ਖਰੜ (ਰਣਬੀਰ, ਅਮਰਦੀਪ) - ਅੱਜ ਬਾਅਦ ਦੁਪਹਿਰ ਇਕ ਪ੍ਰਾਈਵੇਟ ਸੰਸਥਾ ਦੀ ਵਿਦਿਆਰਥਣ ਵਲੋਂ ਸ਼ੱਕੀ ਹਾਲਤ 'ਚ ਫਾਹਾ ਲਾ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਮ੍ਰਿਤਕਾ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਇਥੇ ਪਹੁੰਚਣ ਮਗਰੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਘੜੂੰਆਂ ਪੁਲਸ ਵਲੋਂ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿਖੇ ਰਖਵਾ ਕੇ ਆਪਣੇ ਪੱਧਰ 'ਤੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਹਿਚਾਣ ਯੋਗਿਤਾ ਸ਼ਾਂਤ (22) ਨਿਵਾਸੀ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ, ਜੋ ਕਿ ਬੀ. ਈ. ਸੀ. ਸੀ. ਈ. ਸਮੈਸਟਰ-5 ਦੀ ਵਿਦਿਆਰਥਣ ਸੀ। ਉਹ ਕੈਂਪਸ ਹੋਸਟਲ ਅੰਦਰ ਦੂਜੀਆਂ ਵਿਦਿਆਰਥਣਾਂ ਨਾਲ ਇਕ ਰੂਮ 'ਚ ਰਹਿ ਰਹੀ ਸੀ। ਅੱਜ ਜਦੋਂ ਉਹ ਆਪਣੇ ਕਮਰੇ ਅੰਦਰ ਇਕੱਲੀ ਮੌਜੂਦ ਸੀ ਤਾਂ ਉਸਨੇ ਪੱਖੇ ਨਾਲ ਫਾਹਾ ਲੈ ਖੁਦਕੁਸ਼ੀ ਕਰ ਲਈ। ਇਸ ਦਾ ਪਤਾ ਉਦੋਂ ਲੱਗਾ, ਜਦੋਂ ਉਸਦੀਆਂ ਸਹੇਲੀਆਂ ਵਾਪਿਸ ਉਥੇ ਪੁੱਜੀਆਂ, ਜਿਨ੍ਹਾਂ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ ਤਾਂ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਇਸਦੀ ਜਾਣਕਾਰੀ ਹੋਸਟਲ ਵਾਰਡਨ ਨੂੰ ਦਿੱਤੇ ਜਾਣ ਮਗਰੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਯੋਗਿਤਾ ਪੱਖੇ ਨਾਲ ਲਟਕ ਰਹੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਸਮੇਤ ਉਥੋਂ ਹੋਰ ਜ਼ਰੂਰੀ ਸਾਮਾਨ ਸਬੂਤ ਵਜੋਂ ਆਪਣੇ ਕਬਜ਼ੇ 'ਚ ਲੈ ਲਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਪਹਿਲੂਆਂ ਤੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਭ ਦੇ ਪਿੱਛੇ ਅਸਲ ਕਾਰਨ ਕੀ ਸਨ, ਪੂਰੀ ਜਾਂਚ ਮਗਰੋਂ ਹੀ ਪਤਾ ਲਗ ਸਕੇਗਾ। ਕੱਲ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗਾ।


Related News