ਪਰਿਵਾਰ ਤੋਂ ਦੁਖੀ ਹੋ ਕੇ ਲੜਕੀ ਨੇ ਕੀਤੀ ਖੁਦਕੁਸ਼ੀ
Friday, Jul 19, 2019 - 09:26 PM (IST)

ਲੰਬੀ/ਮਲੋਟ,(ਜੁਨੇਜਾ): ਮਲੋਟ ਨੇੜਲੇ ਪਿੰਡ ਦਾਨੇਵਾਲਾ ਵਿਖੇ ਆਪਣੀ ਭੂਆ-ਫੁੱਫੜ ਕੋਲ ਰਹਿ ਰਹੀ ਇਕ 19 ਸਾਲਾ ਲੜਕੀ ਨੇ ਰਾਜਸਥਾਨ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਲੜਕੀ ਕਿਸੇ ਹੋਰ ਤੋਂ ਹੀ ਨਹੀਂ ਸਗੋਂ ਆਪਣੀ ਮਾਂ, ਨਾਨੇ-ਨਾਨੀ ਤੇ ਇਕ ਹੋਰ ਵਿਅਕਤੀ ਤੋਂ ਤੰਗ-ਪ੍ਰੇਸ਼ਾਨ ਸੀ, ਜਿਸ ਕਰ ਕੇ ਉਹ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਮਾਮਲਾ
ਇਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਿੰਦਰ ਸਿੰਘ ਵਾਸੀ ਦਾਨੇਵਾਲਾ ਨੇ ਦਰਜ ਸ਼ਿਕਾਇਤ ਵਿਚ ਦੱਸਿਆ ਕਿ ਸ਼ਿਵਤਾਜ ਕੌਰ ਸ਼ੈਰੀ ਉਸ ਦੇ ਸਾਲੇ ਦਵਿੰਦਰ ਸਿੰਘ ਵਾਸੀ ਦਿਉਣ ਖੇੜਾ ਦੀ ਲੜਕੀ ਹੈ। ਦਵਿੰਦਰ ਸਿੰਘ ਕਈ ਸਾਲ ਪਹਿਲਾਂ ਇਕ ਹਾਦਸੇ 'ਚ ਅਪਾਹਜ ਹੋ ਗਿਆ ਸੀ, ਜਿਸ ਕਰ ਕੇ ਉਸ ਦੀ ਪਤਨੀ ਕਿਰਨਜੀਤ ਕੌਰ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਇਸ ਕਰ ਕੇ ਦਵਿੰਦਰ ਸਿੰਘ ਆਪਣੀ ਧੀ ਸ਼ਿਵਤਾਜ ਸ਼ੈਰੀ ਨੂੰ ਲੈ ਕੇ ਪਿੰਡ ਦਾਨੇਵਾਲਾ ਵਿਖੇ ਆਪਣੀ ਭੈਣ ਕੋਲ ਰਹਿਣ ਲੱਗਾ। ਉਧਰ ਕਿਰਨ ਕੌਰ ਬਿਨਾਂ ਤਲਾਕ ਦਿੱਤੇ ਕੋਟ ਬਖਤੂ ਦੇ ਗੁਰਮੇਲ ਸਿੰਘ ਫੌਜੀ ਨਾਲ ਰਹਿਣ ਲੱਗੀ ਅਤੇ ਨਾਲ ਹੀ ਦਵਿੰਦਰ ਸਿੰਘ ਤੇ ਅਦਾਲਤ ਵਿਚ ਖਰਚੇ ਦਾ ਕੇਸ ਕਰ ਦਿੱਤਾ। ਅਦਾਲਤ ਨੇ ਅਪਾਹਜ ਦਵਿੰਦਰ ਸਿੰਘ ਨੂੰ 30 ਹਜ਼ਾਰ ਰੁਪਏ ਖਰਚਾ ਆਪਣੀ ਪਤਨੀ ਕਿਰਨਜੀਤ ਨੂੰ ਦੇਣ ਲਈ ਕਿਹਾ।
ਇਸ ਤੋਂ ਇਲਾਵਾ ਕਿਰਨਜੀਤ ਕੌਰ, ਉਸ ਦੇ ਮਾਤਾ-ਪਿਤਾ ਸ਼ੀਰਾਂ ਕੌਰ ਤੇ ਤੇਜਾ ਵਾਸੀ ਚੋਰਮਾਰ ਅਤੇ ਗੁਰਮੇਲ ਸਿੰਘ ਫੌਜੀ ਘਰ ਆ ਕੇ ਸ਼ੈਰੀ ਅਤੇ ਦਵਿੰਦਰ ਸਿੰਘ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸੀ। ਜਿਸ ਕਰ ਕੇ ਸ਼ੈਰੀ ਵਾਰ-ਵਾਰ ਮਰਨ ਬਾਰੇ ਸੋਚਦੀ ਸੀ ਅਤੇ ਉਹ ਉਸ ਨੂੰ ਰੋਕਦੇ ਸੀ। ਬੀਤੇ ਦਿਨੀਂ ਸ਼ਿਵਤਾਜ ਕੌਰ ਸ਼ੈਰੀ ਆਪਣੀ ਭੂਆ ਦੀ ਸਕੂਟਰੀ ਲੈ ਕੇ ਗਈ ਅਤੇ ਨਹਿਰ 'ਚ ਛਾਲ ਮਾਰ ਦਿੱਤੀ, ਜਿਥੇ ਰਾਹਗੀਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਕੱਢ ਲਿਆ ਪਰ ਹਸਪਤਾਲ ਆ ਕੇ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਸ਼ੈਰੀ ਨੇ ਇਕ ਸੁਸਾਈਡ ਨੋਟ ਲਿਖ ਕਿ ਸਕੂਟਰੀ ਵਿਚ ਰੱਖ ਲਿਆ ਸੀ, ਜਿਸ 'ਚ ਉਸ ਨੇ ਆਪਣੀ ਮਾਂ, ਨਾਨੇ-ਨਾਨੀ ਅਤੇ ਗੁਰਮੇਲ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੇ ਬਿਆਨਾਂ ਤੇ ਸੁਸਾਈਡ ਨੋਟ ਦੇ ਆਧਾਰ 'ਤੇ ਕਿਰਨਜੀਤ ਕੌਰ, ਤੇਜਾ ਸਿੰਘ, ਸ਼ੀਰਾ ਕੌਰ ਅਤੇ ਗੁਰਮੇਲ ਸਿੰਘ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।