ਗੋਲ਼ੀ ਲੱਗਣ ਕਾਰਨ 28 ਸਾਲਾ ਮੁਟਿਆਰ ਦੀ ਮੌਤ, ਪਿਤਾ ਖ਼ਿਲਾਫ ਪੁਲਸ ਨੇ ਦਰਜ ਕੀਤਾ ਮਾਮਲਾ
Tuesday, Jul 19, 2022 - 06:06 PM (IST)

ਬਰੇਟਾ (ਬਾਂਸਲ) : ਗੋਲ਼ੀ ਲੱਗਣ ਨਾਲ ਇਕ ਕੁੜੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਸ ਨੇ ਕੁੜੀ ਦੇ ਪਿਤਾ ਨਵਤੇਜ ਸਿੰਘ ਪਿੰਡ ਗੋਬਿੰਦਪੁਰਾ ਖ਼ਿਲਾਫ ਧਾਰਾ 304 ਅਧੀਨ ਮੁਖਬਰ ਦੀ ਇਤਲਾਹ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਦੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਥੇ ਪੁਲਸ ਨੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਵਦੀਪ ਕੌਰ (28 ਸਾਲਾ) ਨੂੰ ਗੋਲ਼ੀ ਲੱਗਣ ਦੇ ਚੱਲਦੇ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ’ਚ ਚੱਲ ਚਰਚਾ ਅਨੁਸਾਰ ਲੜਕੀ ਦੇ ਪਿਤਾ ਨੇ ਨਵਾਂ ਅਸਲਾ ਖਰੀਦਿਆ ਸੀ ਜਿਸ ਦੀ ਉਸਨੂੰ ਪੂਰੀ ਜਾਣਕਾਰੀ ਨਹੀਂ ਸੀ ਅਤੇ ਅਣਗਹਿਲੀ ਨਾਲ ਅਚਾਨਕ ਗੋਲੀ ਚੱਲ ਗਈ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੱਖ-ਵੱਖ ਪਹਿਲੂਆਂ ਨੂੰ ਖੰਘਾਲਦੇ ਹੋਏ ਜਾਂਚ ਕਰਨ ’ਚ ਜੁਟੀ ਹੋਈ ਹੈ।