SGPC ਵਲੋਂ ਜਾਂਚ ਕਮੇਟੀ ਦਾ ਸਮਾਂ ਵਧਾਉਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ (ਵੀਡੀਓ)
Tuesday, Dec 31, 2024 - 05:25 PM (IST)
ਬਠਿੰਡਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਜਾਂਚ ਕਮੇਟੀ ਦਾ ਸਮਾਂ ਇਕ ਮਹੀਨਾ ਵਧਾ ਦਿੱਤਾ ਹੈ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਮੇਰੇ ਖ਼ਿਲਾਫ਼ ਜਾਂਚ ਕਰਨ ਲਈ ਜਿਹੜੀ ਅਣ-ਅਧਿਕਾਰਤ ਕਮੇਟੀ ਬਣਾਈ ਗਈ ਸੀ, ਉਸ ਦੀ ਜਾਂਚ ਦਾ ਇਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ, ਸਗੋਂ ਮੈਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਤਾਂ ਜੋ ਮੇਰੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਨੂੰ ਲਟਕਾ ਕੇ ਰੱਖਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਕੂਲ ਖੁੱਲ੍ਹਣਗੇ ਜਾਂ ਨਹੀਂ? ਛੁੱਟੀਆਂ ਵਧਾਉਣ ਬਾਰੇ ਜਾਣੋ ਕੀ ਹੈ Update
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਕ ਗੱਲ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ। ਮੇਰੇ 'ਤੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਅਧੀਨ ਭਾਵੇਂ ਮੇਰੀਆਂ ਸੇਵਾਵਾਂ ਖ਼ਤਮ ਕਰ ਦਿਓ, ਮੈਨੂੰ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ 'ਚ ਸ਼ਾਮਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਅਡੋਲ ਰਹਾਂਗਾ ਅਤੇ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਚਿੰਤਾ 'ਚ ਨਹੀਂ ਪਵਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਘਰਸ਼ ਬੰਦੇ ਨੂੰ ਜਿਊਣਾ ਅਤੇ ਲੜਨਾ ਸਿਖਾਉਂਦੇ ਹਨ।
ਇਹ ਵੀ ਪੜ੍ਹੋ : ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ 'ਚ ਹੋਣਗੇ ਬਾਹਲੇ ਔਖੇ
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਅਤੇ ਨੁਮਾਇੰਦਾ ਜੱਥੇਬੰਦੀ ਹੈ। ਜੇਕਰ ਇਹ ਬਚਦੀ ਹੈ ਤਾਂ ਇਸ ਨੂੰ ਬਚਾ ਲਓ। ਇਸ ਨੂੰ ਬਚਾਉਣ ਲਈ ਅਕਾਲੀ ਆਗੂ ਡੱਟ ਕੇ ਪਹਿਰਾ ਦੇਣ, ਜਿਵੇਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੇ-ਵੱਡੇ ਥੰਮ ਅਕਾਲੀ ਦਲ 'ਚ ਪੈਦਾ ਹੋਏ ਹਨ। ਬੰਦੇ ਚਲੇ ਜਾਣਗੇ ਪਰ ਅਕਾਲੀ ਦਲ ਇਸੇ ਤਰ੍ਹਾਂ ਰਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਸ ਸੂਰਤ 'ਚ ਹੀ ਬਚੇਗਾ, ਜਦੋਂ ਸਾਡੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਬਚਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8