ਘਨੌਰ: ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ''ਤੇ ਪਿੰਡ ਹਰੀਮਾਜਰਾ ਅਤੇ ਲੰਜਾ ਸੀਲ
Sunday, May 31, 2020 - 11:26 AM (IST)
ਘਨੌਰ (ਅਲੀ): ਲੰਘੀ ਰਾਤ ਘਨੌਰ ਦੇ ਨੇੜਲੇ ਪਿੰਡ ਹਰੀਮਾਜਰਾ ਦੇ 18 ਸਾਲਾਂ ਨੌਜਵਾਨ ਅਤੇ ਲੰਜਾ ਪਿੰਡ ਦੇ 42 ਸਾਲਾ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਣ ਨੇੜਲੇ ਪਿੰਡ ਸਮੇਤ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਗੱਲਬਾਤ ਦੌਰਾਨ ਕੀਤੀ। ਜਾਣਕਾਰੀ ਮੁਤਾਬਕ ਘਨੌਰ ਦੇ ਪਿੰਡ ਲੰਜਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ, ਜੋ ਕਿ ਬਾਹਰੀ ਰਾਜ ਤੋਂ ਆਇਆ ਸੀ ਅਤੇ ਪਿੰਡ ਹਰੀਮਾਜਰਾ ਦਾ 18 ਸਾਲਾ ਨੌਜਵਾਨ ਰਾਮ ਕੁਮਾਰ ਪੁੱਤਰ ਮੇਵਾ ਸਿੰਘ ਵੀ ਬਾਹਰੋਂ ਹੀ ਆਇਆ ਹੈ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਰਾਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।
ਪਿੰਡ ਲੰਜਾ ਵਾਸੀ ਵਿਅਕਤੀ ਫਸਲ ਦੀ ਕਟਾਈ ਕਰਨ ਵਾਲੀ ਮਸ਼ੀਨ ਤੋਂ ਪਰਤਿਆ ਹੈ। ਜਦਕਿ ਪਿੰਡ ਦੀ ਸਰਪੰਚ ਦੇ ਪਤੀ ਦੇ ਕਹਿਣ ਮੁਤਾਬਕ ਪਿੰਡ ਹਰੀਮਾਜਰਾ ਦਾ ਨੌਜਵਾਨ ਰਾਮ ਕੁਮਾਰ ਦਿੱਲੀ ਵਿਖੇ ਆਪਣੇ ਨਾਨਕੇ ਘਰ ਗਿਆ ਹੋਇਆ ਸੀ, ਜੋ ਕਿ ਤਾਲਾਬੰਦੀ ਕਾਰਨ ਉੱਥੇ ਹੀ ਫਸ ਗਿਆ ਸੀ, ਜੋ ਹੁਣ ਲੰਘੇ ਦਿਨੀਂ ਦਿੱਲੀ ਤੋਂ ਆਪਣੀ ਮਾਸੀ ਨਾਲ ਵਾਪਸ ਘਰ ਆਇਆ ਹੈ। ਇਨ੍ਹਾਂ ਦੋਵੇਂ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਪਿੰਡ ਲੰਜਾ ਅਤੇ ਪਿੰਡ ਹਰੀਮਾਜਰਾ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ। ਪਿੰਡ ਦੇ ਮੇਨ ਰਸਤਿਆਂ 'ਤੇ ਨਾਕੇ ਲਾ ਦਿੱਤੇ ਗਏ ਅਤੇ ਆਉਣ-ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ, ਪਿੰਡ ਵਾਲਿਆਂ ਨੂੰ ਬਾਹਰ ਜਾਣ ਅਤੇ ਬਹਾਰਲਿਆਂ 'ਤੇ ਪਿੰਡ ਵਿਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ।
ਪਿੰਡ ਹਰੀਮਾਜਰਾ ਨੂੰ ਸੈਨੇਟਾਈਜ਼ਰ ਕੀਤਾ ਗਿਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਮ ਕੁਮਾਰ ਕਈ ਦਿਨਾਂ ਤੋਂ ਪਿੰਡ 'ਚ ਆਇਆ ਹੋਇਆ ਸੀ। ਇਹ 3 ਦਰਜਨ ਲੋਕਾਂ ਦੇ ਸੰਪਰਕ ਵਿਚ ਆਇਆ ਹੋਇਆ ਹੈ। ਅੱਜ ਪਿੰਡ ਹਰੀਮਾਜਰਾ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੜਕੇ ਦੇ ਸੰਪਰਕ ਵਿਚ ਆਏ 38 ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪਿੰਡ ਲੰਜਾ ਤੋਂ 6 ਹੋਰ ਲੋਕਾਂ ਦੇ ਸੈਂਪਲ ਲਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ 'ਤੇ ਪਤਾ ਲੱਗੇਗਾ। ਪਿੰਡ ਵਿਚ ਕੋਰੋਨਾ ਪਾਜ਼ੇਟਿਵ ਆਏ ਲੜਕੇ ਦੇ ਘਰ ਦੇ ਨਾਲ ਲੱਗਦੇ ਮੁਹੱਲੇ ਵਾਲੇ ਰਸਤਿਆਂ ਨੂੰ ਬੰਦ ਕੀਤਾ ਹੋਇਆ ਹੈ।
ਪਿੰਡ ਹਰੀਮਾਜਰਾ ਵਿਖੇ ਪਹੁੰਚੇ ਬੀ. ਡੀ. ਪੀ. ਓ.ਘਨੌਰ ਅਕਬਰ ਅਲੀ, ਤਹਿਸੀਲਦਾਰ ਘਨੌਰ ਗੋਰਵ ਬਾਂਸਲ, ਡਿਊਟੀ ਮੈਜਿਸਟਰੇਟ ਸਤਨਾਮ ਸਿੰਘ ਮੱਟੂ ਸਮੇਤ
ਪੁਲਸ ਪਾਰਟੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ 'ਤੇ ਪਿੰਡ ਦੀ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਰਕੇ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਪਿੰਡ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਹਰੀਮਾਜਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਬਣੀਆਂ ਨਾਲੀਆਂ ਗੰਦੇ ਪਾਣੀ ਨਾਲ ਓਵਰਫਲੋਅ ਹੋਈਆਂ ਪਈਆਂ ਹਨ। ਇਥੇ ਬੀਮਾਰੀ ਫੈਲਣ ਦਾ ਤਾਂ ਪਹਿਲਾਂ ਹੀ ਖਦਸ਼ਾ ਬਣਿਆ ਹੋਇਆ ਸੀ। ਹਰੀਮਾਜਰਾ ਵਿਚ ਕੋਰੋਨਾ ਪਾਜ਼ੇਟਿਵ ਆਏ ਲੜਕੇ ਦੇ ਘਰ ਨੇੜੇ ਨਾਲੀਆਂ ਦਾ ਖੜ੍ਹਾ ਗੰਦਾ ਪਾਣੀ ਬੀਮਾਰੀਆਂ ਨੂੰ ਅਵਾਜ਼ਾਂ ਮਾਰ ਰਿਹਾ ਹੈ।ਮੌਕੇ 'ਤੇ ਪਹੁੰਚੇ ਬੀ. ਡੀ. ਪੀ. ਓ. ਅਕਬਰ ਅਲੀ ਨੇ ਵੀ ਛੱਪੜ ਦੇ ਓਵਰਫਲੋਅ ਹੋ ਰਹੇ ਪਾਣੀ ਨੂੰ ਕੱਢਣ ਲਈ ਕਿਹਾ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਫੈਲ ਰਹੀਆਂ ਬੀਮਾਰੀਆਂ ਦਾ ਮੁੱਖ ਕਾਰਨ ਤਾਂ ਨਾਲੀਆਂ ਦਾ ਗੰਦਾ ਪਾਣੀ ਅਤੇ ਛੱਪੜ ਵਿਚੋਂ ਓਵਰਫਲੋਅ ਹੋ ਕੇ ਬਾਹਰ ਨਿਕਲ ਰਿਹਾ ਗੰਦਾ ਪਾਣੀ ਹੈ। ਪਿੰਡ ਹਰੀਮਾਜਰਾ ਦੀ ਸਰਪੰਚ ਦੇ ਪਤੀ ਰਣਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੰਮ ਲਈ ਪੰਚਾਇਤੀ ਕੋਰਮ ਪੂਰਾ ਹੋਣਾ ਜ਼ਰੂਰੀ ਹੈ ਪਰ ਪੰਚਾਇਤ ਮੈਂਬਰ ਸਾਥ ਨਹੀਂ ਦੇ ਰਹੇ, ਜਿਸ ਕਾਰਣ ਪਿੰਡ ਦੀ ਨਾਲੀਆਂ ਦਾ ਕੰਮ ਰੁਕਿਆ ਪਿਆ ਹੈ।