ਲਿੰਗ ਨਿਰਧਾਰਿਤ ਟੈਸਟ ਕਰਨ ''ਤੇ ਨੀਲਮ ਨਰਸਿੰਗ ਹੋਮ ''ਚ ਛਾਪਾ
Monday, Dec 04, 2017 - 07:44 AM (IST)
ਖਮਾਣੋਂ (ਜਟਾਣਾ) - ਗਰਭਵਤੀ ਔਰਤਾਂ ਦੇ ਗੈਰ-ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਿਤ ਟੈਸਟ ਕਰਨ ਦੇ ਦੋਸ਼ਾਂ ਤਹਿਤ ਕਸਬਾ ਖੇੜੀ ਨੌਧ ਸਿੰਘ ਸਥਿਤ ਨੀਲਮ ਨਰਸਿੰਗ ਹੋਮ 'ਚ ਅਲਟਰਸਾਊਂਡ ਕੇਂਦਰ ਨੂੰ ਸਥਾਨਕ ਸਿਹਤ ਵਿਭਾਗ ਵਲੋਂ ਸੀਲ ਕਰ ਦਿੱਤਾ ਗਿਆ, ਜਿਸ ਵਿਚ ਅਲਟਰਾਸਾਊਂਡ ਮਸ਼ੀਨ, ਮਸ਼ੀਨ ਵਾਲਾ ਕਮਰਾ ਤੇ ਸੀ. ਸੀ. ਟੀ. ਵੀ. ਕਮਰਾ ਸੀਲ ਕਰਨ ਤੋਂ ਇਲਾਵਾ ਸਬੰਧਤ ਰਿਕਾਰਡ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇਰ ਸ਼ਾਮ ਦੀ ਹੈ, ਜਦੋਂ ਸਿਹਤ ਵਿਭਾਗ ਅੰਬਾਲਾ ਦੇ ਡਾਕਟਰਾਂ ਦੀ ਇਕ ਟੀਮ ਵਲੋਂ ਹਰਿਆਣਾ ਪੁਲਸ ਨੂੰ ਲੈ ਕੇ ਉਕਤ ਨਰਸਿੰਗ ਹੋਮ 'ਤੇ ਛਾਪੇਮਾਰੀ ਕੀਤੀ ਗਈ ਤੇ ਮੌਕੇ 'ਤੇ ਸਥਾਨਕ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਵਿਚ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਦੇ ਅਧਿਕਾਰੀ ਮੈਡਮ ਰਸ਼ਮੀ ਸੀਨੀਅਰ ਮੈਡੀਕਲ ਅਧਿਕਾਰੀ ਸਿਵਲ ਹਸਪਤਾਲ ਖਮਾਣੋਂ, ਐੱਸ. ਐੱਮ. ਓ. ਸੰਘੋਲ ਡਾ. ਨਰੇਸ਼ ਚੌਹਾਨ ਮੌਕੇ 'ਤੇ ਪਹੁੰਚੇ ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਅੰਬਾਲਾ ਤੋਂ ਆਈ ਟੀਮ ਦੇ ਨੋਡਲ ਅਧਿਕਾਰੀ ਡਾ. ਵਿਪਨ ਭੰਡਾਰੀ ਤੇ ਮੈਡੀਕਲ ਅਫਸਰ ਅੰਬਾਲਾ ਸ਼ਹਿਰ ਡਾ. ਮਨਦੀਪ ਸਚਦੇਵਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਿਵਲ ਸਰਜਨ ਅੰਬਾਲਾ ਡਾ. ਵਿਨੋਦ ਗੁਪਤਾ ਕੋਲ ਇਸ ਨਰਸਿੰਗ ਹੋਮ ਸਬੰਧੀ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਦੇ ਆਧਾਰ 'ਤੇ ਇਕ ਗਰਭਵਤੀ ਔਰਤ ਨੂੰ ਇਥੇ ਲਿਆਂਦਾ ਗਿਆ । ਡਾਕਟਰ ਵਲੋਂ ਉਸ ਤੋਂ ਲਿੰਗ ਨਿਰਧਾਰਨ ਟੈਸਟ ਦੇ 12 ਹਜ਼ਾਰ ਰੁਪਏ ਮੰਗੇ ਗਏ ਤੇ ਜਿਵੇਂ ਉਕਤ ਔਰਤ ਨੂੰ ਅਲਟਰਾਸਾਊਂਡ ਕਮਰੇ ਵਿਚ ਲਿਜਾ ਕੇ ਡਾਕਟਰ ਵਲੋਂ ਲਿੰਗ ਨਿਰਧਾਰਿਤ ਟੈਸਟ ਕਰਨ ਮਗਰੋਂ ਦੱਸਿਆ ਗਿਆ ਕਿ ਗਰਭ ਵਿਚਲਾ ਬੱਚਾ ਲੜਕਾ ਹੈ ਤਾਂ ਮੌਕੇ 'ਤੇ ਹੀ ਪੁਲਸ ਤੇ ਸਿਹਤ ਵਿਭਾਗ ਦੀ ਟੀਮ ਪਹੁੰਚ ਗਈ ਤੇ 12 ਹਜ਼ਾਰ ਰੁਪਏ ਵੀ ਡਾਕਟਰ ਤੋਂ ਬਰਾਮਦ ਕਰ ਲਏ ।
ਡਾਕਟਰ ਵਲੋਂ ਉਕਤ ਔਰਤ ਨੂੰ ਅਲਟਰਾਸਾਊਂਡ ਵਾਲੇ ਕਮਰੇ ਵਿਚ ਲਿਜਾਂਦਿਆਂ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਸਿਹਤ ਵਿਭਾਗ ਵਲੋਂ ਕਬਜ਼ੇ ਵਿਚ ਲੈ ਲਈ ਗਈ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਡਾਕਟਰ ਵਲੋਂ ਔਰਤ ਨੂੰ ਅਲਟਰਾਸਾਊਂਡ ਕਮਰੇ ਵਿਚ ਲਿਜਾਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤਕ ਕਿ ਕੋਈ ਪਛਾਣ ਪੱਤਰ ਤਕ ਨਹੀਂ ਦੇਖਿਆ ਗਿਆ, ਜੋ ਕਿ ਐੱਨ. ਸੀ. ਐੱਨ. ਡੀ. ਟੀ. ਐਕਟ ਦੀ ਉਲੰਘਣਾ ਹੈ ਪਰ ਹਸਪਤਾਲ ਦੇ ਮਾਲਕ ਡਾਕਟਰ ਮੁਤਾਬਿਕ ਉਕਤ ਮੇਲੋ ਨਾਂ ਦੀ ਮਹਿਲਾ ਸਨੌਰ ਤੋਂ ਉਸ ਕੋਲ ਬੀ. ਪੀ. ਚੈੱਕ ਕਰਾਉਣ ਆਈ ਸੀ ਤੇ ਦੂਜੀ ਗਰਭਵਤੀ ਔਰਤ ਨੂੰ ਉਸ ਦੇ ਕਹਿਣ 'ਤੇ ਆਮ ਜਾਂਚ ਲਈ ਅਲਟਰਾਸਾਊਂਡ ਵਾਲੇ ਕਮਰੇ ਵਿਚ ਲਿਜਾਇਆ ਗਿਆ, ਜੋ ਉਸ ਦੀ ਵੱਡੀ ਗਲਤੀ ਹੈ ।ਡਾਕਟਰ ਵਲੋਂ ਦਿੱਤਾ ਬਿਆਨ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਦੂਸਰੇ ਪਾਸੇ ਇਸ ਨਰਸਿੰਗ ਹੋਮ ਦੇ ਮਾਲਕ ਡਾ. ਅਵਤਾਰ ਸਿੰਘ ਮਹਿਰਾ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਬਦਨਾਮ ਕਰਨ ਲਈ ਜਾਣ-ਬੁੱਝ ਕੇ ਫਸਾਇਆ ਗਿਆ ਹੈ । ਸਥਾਨਕ ਸਿਹਤ ਵਿਭਾਗ ਜਲਦੀ ਹੀ ਪੂਰੀ ਦੀ ਪੂਰੀ ਫਾਈਲ ਸਥਾਨਕ ਪੁਲਸ ਨੂੰ ਜਾਂਚ ਲਈ ਸੌਂਪ ਦੇਵੇਗਾ, ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ ।
