ਚੌਥਾ ਗੱਤਕਾ ਗੋਲਡ ਕੱਪ ਕਰਵਾਇਆ

09/24/2017 8:03:24 AM

ਫਰੀਦਕੋਟ  (ਹਾਲੀ) - ਬਾਬਾ ਸ਼ੇਖ਼ ਫਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲਾ ਗੱਤਕਾ ਐਸੋਸੀਏਸ਼ਨ ਵੱਲੋਂ ਚੌਥਾ ਗੱਤਕਾ ਗੋਲਡ ਕੱਪ ਸਰਕਾਰੀ ਬ੍ਰਜਿੰਦਰਾ ਕਾਲਜ 'ਚ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਲੜਕੇ-ਲੜਕੀਆਂ ਦੀਆਂ 12 ਟੀਮਾਂ ਨੇ ਭਾਗ ਲਿਆ। ਇਸ ਗੱਤਕਾ ਗੋਲਡ ਕੱਪ ਦਾ ਉਦਘਾਟਨ ਤੇਜਿੰਦਰ ਸਿੰਘ ਢੀਂਡਸਾ ਪ੍ਰਿੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਨੇ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ ਨੇ ਗੱਤਕਾ ਐਸੋਸੀਏਸ਼ਨ ਨੂੰ 15 ਹਜ਼ਾਰ ਰੁਪਏ, ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਅਕਾਲੀ ਦਲ ਫਰੀਦਕੋਟ ਨੇ 11 ਹਜ਼ਾਰ ਰੁਪਏ, ਜਥੇਦਾਰ ਲਖਵੀਰ ਸਿੰਘ ਅਰਾਈਆਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ 5100 ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ ਹਰਦੀਪ ਸਿੰਘ ਆਰ. ਟੀ. ਏ., ਸੰਦੀਪ ਸਿੰਘ ਪੀ. ਸੀ. ਐੱਸ., ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ, ਡਾ. ਮਨਜੀਤ ਸਿੰਘ ਢਿੱਲੋਂ ਕੋਟਕਪੂਰਾ, ਕਰਨਵੀਰ ਸਿੰਘ ਧਾਲੀਵਾਲ ਭਾਣਾ, ਐਡਵੋਕੇਟ ਮਹੀਪਇੰਦਰ ਸਿੰਘ ਸੇਖੋਂ ਤੇ ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਗੱਤਕਾ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਕੁਲਤਾਰ ਸਿੰਘ ਬਰਾੜ ਨੇ ਬਾਹਰੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਗੱਤਕਾ ਮੁਕਾਬਲਿਆਂ 'ਚ ਲੜਕਿਆਂ ਦੀ ਟੀਮ 'ਚੋਂ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ (ਲੁਧਿਆਣਾ) ਦੀ ਟੀਮ ਨੇ ਪਹਿਲਾ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਕੋਟਕਪੂਰਾ ਨੇ ਦੂਜਾ ਤੇ ਅਕਾਲ ਸਹਾਇ ਗੱਤਕਾ ਅਕੈਡਮੀ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਲੜਕੀਆਂ ਦੇ ਮੁਕਾਬਲੇ 'ਚ ਮੀਰੀ-ਪੀਰੀ ਗੱਤਕਾ ਅਖਾੜਾ ਡੇਹਲੋਂ ਨੇ ਪਹਿਲਾ, ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਲੁਧਿਆਣਾ ਨੇ ਦੂਜਾ ਤੇ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਗੋਨਿਆਣਾ ਮੰਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਕੀਤੀ ਗਈ।
ਗੱਤਕਾ ਮੁਕਾਬਲਿਆਂ 'ਚ ਨਿਰਨਾਇਕ ਦੀ ਭੂਮਿਕਾ ਹਰਦੀਪ ਸਿੰਘ ਭਿੰਡਰ ਕਲਾਂ, ਹਰਦੇਵ ਸਿੰਘ ਬਰਨਾਲਾ, ਕਰਮਜੀਤ ਸਿੰਘ ਬਰਨਾਲਾ ਤੇ ਗੁਰਪ੍ਰੀਤ ਸਿੰਘ ਕੋਟਕਪੂਰਾ ਨੇ ਨਿਭਾਈ।
ਇਸ ਸਮੇਂ ਐਸੋਸੀਏਸ਼ਨ ਦੇ ਅਹੁਦੇਦਾਰਾਂ 'ਚੋਂ ਕੁਲਤਾਰ ਸਿੰਘ ਬਰਾੜ ਪ੍ਰਧਾਨ, ਮੱਘਰ ਸਿੰਘ ਖ਼ਜ਼ਾਨਚੀ, ਹਰਜਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਸੰਧੂ, ਸਵਿਜੀਤ ਸਿੰਘ ਸੰਘਾ, ਗੁਰਪ੍ਰੀਤ ਸਿੰਘ ਚੰਦਬਾਜਾ, ਦਵਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ, ਦਲੇਰ ਸਿੰਘ ਡੋਡ, ਕੁਲਦੀਪ ਸਿੰਘ ਸਰਪੰਚ ਕੋਟਸੁਖੀਆ, ਮਲਕੀਤ ਸਿੰਘ ਕੰਗ, ਸਰਬਜੋਤ ਸਿੰਘ ਸਾਹਨੀ, ਗੁਰਪ੍ਰੀਤ ਸਿੰਘ ਕੋਟਕਪੂਰਾ ਤੇ ਪਤਵੰਤੇ ਹਾਜ਼ਰ ਸਨ।


Related News