ਪੰਜਾਬ 'ਚ ਕੁਦਰਤੀ ਆਫ਼ਤ ਵਿਚਾਲੇ ਲੀਕ ਹੋਈ ਜ਼ਹਿਰੀਲੀ ਗੈਸ, ਇਲਾਕੇ 'ਚ ਪੈ ਗਿਆ ਚੀਕ-ਚਿਹਾੜਾ
Tuesday, Jul 11, 2023 - 01:52 PM (IST)
ਫਤਿਹਗੜ੍ਹ ਸਾਹਿਬ (ਵਿਪਨ) : ਪੰਜਾਬ 'ਚ ਇਕ ਪਾਸੇ ਜਿੱਥੇ ਭਾਰੀ ਮੀਂਹ ਕਾਰਨ ਲੋਕ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸ਼ਾਸਤਰੀ ਨਗਰ ਵਿਖੇ ਜ਼ਹਿਰੀਲੀ ਗੈਸ ਲੀਕ ਹੋ ਗਈ ਅਤੇ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਇਸ ਘਟਨਾ ਮਗਰੋਂ ਇਲਾਕੇ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇੱਥੇ ਬਣੇ ਸਕ੍ਰੈਪ ਦੇ ਇਕ ਗੋਦਾਮ 'ਚ ਪਾਏ ਅਮੋਨੀਆ ਗੈਸ ਦੇ ਸਿਲੰਡਰ 'ਚੋਂ ਗੈਸ ਲੀਕ ਹੋ ਗਈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ।
ਇਹ ਵੀ ਪੜ੍ਹੋ : ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ 'ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ
ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਨਗਰ ਕੌਂਸਲ ਅਧਿਕਾਰੀਆਂ ਸਮੇਤ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਕਰੀਬ 2 ਘੰਟਿਆਂ ਦੀ ਮੁਸ਼ੱਕਤ ਮਗਰੋਂ ਗੈਸ 'ਤੇ ਕਾਬੂ ਪਾਉਣ ਲਈ ਟੋਆ ਪੁੱਟਿਆ ਗਿਆ ਅਤੇ ਪਾਣੀ ਭਰ ਕੇ ਸਿਲੰਡਰ ਇਸ 'ਚ ਦਬਾ ਦਿੱਤਾ ਗਿਆ। ਗੋਦਾਮ ਦੇ ਨਾਲ ਲੱਗਦੇ ਘਰਾਂ 'ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ, ਜਦੋਂ ਸਾਹ ਲੈਣ 'ਚ ਕਾਫੀ ਦਿੱਕਤ ਆਉਣ ਲੱਗੀ।
ਪਾਲਤੂ ਜਾਨਵਰਾਂ ਨੂੰ ਵੀ ਪਰੇਸ਼ਾਨੀ ਹੋਣ ਲੱਗੀ। ਕਈ ਲੋਕਾਂ ਨੂੰ ਤਾਂ ਇੰਨੀ ਪਰੇਸ਼ਾਨੀ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈ ਗਿਆ। ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਸ਼ਰਮਾ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅਮੋਨੀਆ ਗੈਸ ਦਾ ਸਿਲੰਡਰ ਲੀਕ ਹੋਇਆ ਸੀ ਅਤੇ ਇਹ ਗੈਸ ਇੰਨੀ ਘਾਤਕ ਹੈ ਕਿ ਸਰੀਰ 'ਚੋਂ ਆਕਸੀਜ਼ਨ ਖ਼ਤਮ ਕਰ ਦਿੰਦੀ ਹੈ। ਇਸ ਕਾਰਨ ਫਾਇਰ ਬ੍ਰਿਗੇਡ ਦੇ ਵੀ 4 ਮੁਲਾਜ਼ਮ ਇਸ ਦੀ ਲਪੇਟ 'ਚ ਆ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ