ਗੈਸ ਲੀਕ ਹੋਣ ਕਾਰਨ ਜ਼ਖਮੀ ਹੋਏ ਦੋ ਮਾਸੂਮਾਂ ''ਚੋਂ ਇਕ ਦੀ ਮੌਤ, ਦੂਸਰਾ ਗੰਭੀਰ

07/11/2017 11:41:35 AM

ਸਾਹਨੇਵਾਲ (ਜ.ਬ.)- ਢੰਡਾਰੀ ਦੀ ਦੁਰਗਾ ਕਾਲੋਨੀ 'ਚ ਇਕ ਗੈਸ ਸਿਲੰਡਰ ਦੇ ਸ਼ੱਕੀ ਹਾਲਾਤ 'ਚ ਲੀਕ ਹੋਣ ਕਾਰਨ ਗੰਭੀਰ ਜ਼ਖਮੀ ਹੋਏ ਦੋ ਮਾਸੂਮ ਬੱਚਿਆਂ 'ਚੋਂ ਇਕ ਅਦਿੱਤਿਆ (1) ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ, ਜਦਕਿ 7 ਸਾਲਾ ਖੁਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਮ੍ਰਿਤਕ ਅਦਿੱਤਿਆ ਨੂੰ ਪੋਸਟਮਾਰਟਮ ਲਈ ਪੀ. ਜੀ. ਆਈ. ਚੰਡੀਗੜ੍ਹ ਤੋਂ ਲੁਧਿਆਣਾ ਲਿਆਂਦਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ, ਥਾਣਾ ਮੁਖੀ ਇੰਸ. ਰਾਜਵੰਤ ਸਿੰਘ ਅਤੇ ਚੌਕੀ ਕੰਗਣਵਾਲ ਇੰਚਾਰਜ ਜੋਗਿੰਦਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਚੌਕੀ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਹੜੇ 'ਚ ਰਹਿਣ ਵਾਲਾ ਸੰਜੇ ਕੁਮਾਰ ਨਾਮਕ ਨੌਜਵਾਨ ਇਕ ਦੁਕਾਨ 'ਚ ਨਾਜਾਇਜ਼ ਤੌਰ 'ਤੇ ਗੈਸ ਸਿਲੰਡਰਾਂ 'ਚ ਗੈਸ ਭਰਦਾ ਸੀ। ਘਟਨਾ ਵਾਲੀ ਰਾਤ ਵੀ ਉਹ ਇਕ ਛੋਟੇ ਸਿਲੰਡਰ 'ਚ ਗੈਸ ਭਰ ਰਿਹਾ ਸੀ, ਜਿਸ ਦੌਰਾਨ ਗੈਸ ਕਥਿਤ ਤੌਰ 'ਤੇ ਲੀਕ ਹੋਣ ਨਾਲ ਅਚਾਨਕ ਅੱਗ ਲੱਗ ਗਈ, ਜਿਸ ਨੇ ਉਥੇ ਖੇਡ ਰਹੇ ਦੋ ਮਾਸੂਮ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ, ਜਿਨ੍ਹਾਂ 'ਚੋਂ ਇਕ ਬੱਚੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਦੂਜੇ ਬੱਚੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਸੰਜੇ ਕੁਮਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।


Related News