ਵੈਲਡਿੰਗ ਗੈਸ ਸਿਲੰਡਰ ਫਟਣ ਨਾਲ ਦੁਕਾਨਦਾਰ ਜ਼ਖ਼ਮੀ
Wednesday, Jul 25, 2018 - 01:31 AM (IST)
ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਅੱਜ ਸ਼ਾਮ ਦੇ ਸਮੇਂ ਕਾਹਨੂੰਵਾਨ ਦੇ ਸਠਿਆਲੀ ਪੁਲ ’ਤੇ ਗੁਰਦਾਸਪੁਰ ਰੋਡ ’ਤੇ ਗੈਸ ਵੈਲਡਿੰਗ ਦੀ ਦੁਕਾਨ ’ਤੇ ਵੈਲਡਿੰਗ ਗੈਸ ਸਿਲੰਡਰ ਫਟਣ ਨਾਲ ਦੁਕਾਨਦਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਰੋਡ਼ਾਂਵਾਲੀ ਦੀ ਸਠਿਆਲੀ ਪੁਲ ’ਤੇ ਗੈਸ ਵੈਲਡਿੰਗ ਦੀ ਦੁਕਾਨ ਹੈ। ਅੱਜ ਸ਼ਾਮ ਦੇ ਸਮੇਂ ਜਦੋਂ ਉਹ ਦੁਕਾਨ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਗੈਸ ਸਿਲੰਡਰ ਫੱਟ ਗਿਆ, ਜਿਸ ਕਾਰਨ ਪਲਵਿੰਦਰ ਦੀ ਬਾਂਹ ਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।
ਥਾਣਾ ਕਾਹਨੂੰਵਾਨ ਦੀ ਪੁਲਸ ਦੇ ਏ. ਐੱਸ. ਸੀ. ਸੁਰਜਨ ਸਿੰਘ ਅਤੇ ਹਰਦੀਪ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਜ਼ਖ਼ਮੀ ਦੁਕਾਨਦਾਰ ਨੂੰ ਨੇਡ਼ਲੇ ਹਸਪਤਾਲ ਭੇਜ ਦਿੱਤਾ। ਦੂਜੇ ਪਾਸੇ ਨਾਲ ਲੱਗਦੇ ਦੁਕਾਨਦਾਰਾਂ ਨੇ ਦੱਸਿਆ ਕਿ ਸਿਲੰਡਰ ’ਚ ਗੈਸ ਘੱਟ ਹੋਣ ਕਾਰਨ ਜ਼ਿਆਦਾ ਨੁਕਸਾਨ ਨਹੀ ਹੋਇਆ। ਜੇਕਰ ਇਹ ਸਿਲੰਡਰ ਜ਼ਿਆਦਾ ਭਰਿਆ ਹੁੰਦਾ ਹੈ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।
