ਲੋਕਾਂ ਨੇ ਚੱਕ-ਚੱਕ ਸੜਕਾਂ ''ਤੇ ਮਾਰੇ ਸਿਲੰਡਰ, ਗੈਸ ਦੀ ਕਿੱਲਤ ਖ਼ਿਲਾਫ਼ ਫੁੱਟਿਆ ਗੈਸ

Friday, Mar 27, 2026 - 05:51 PM (IST)

ਲੋਕਾਂ ਨੇ ਚੱਕ-ਚੱਕ ਸੜਕਾਂ ''ਤੇ ਮਾਰੇ ਸਿਲੰਡਰ, ਗੈਸ ਦੀ ਕਿੱਲਤ ਖ਼ਿਲਾਫ਼ ਫੁੱਟਿਆ ਗੈਸ

ਫਗਵਾੜਾ (ਜਲੋਟਾ)- ਫਗਵਾੜਾ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਗੈਸ ਏਜੰਸੀ ਦੇ ਬਾਹਰ ਅੱਜ ਉਸ ਸਮੇਂ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਅਤੇ ਏਜੰਸੀ ਪ੍ਰਬੰਧਕਾਂ ਦੀ ਕਥਿਤ ਲਾਪਰਵਾਹੀ ਤੋਂ ਤੰਗ ਆਏ ਉਪਭੋਗਤਾਵਾਂ ਨੇ ਸੜਕ 'ਤੇ ਸਿਲੰਡਰ ਪਟਕ-ਪਟਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਪ੍ਰਦਰਸ਼ਨ ਕਾਰਨ ਫਗਵਾੜਾ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਯਾਤਾਯਾਤ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਫਗਵਾੜਾ 'ਚ ਵਾਪਰੇ ਇਸ ਅਚਨਚੇਤ ਘਟਨਾਕ੍ਰਮ ਨੇ ਆਮ ਜਨਤਾ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਪ੍ਰਸ਼ਾਸਨ ਦੀ ਸੁਸਤ ਕਾਰਜਸ਼ੈਲੀ ਦੀ ਵੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ? ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਸਿਰਫ਼ ਸੋਸ਼ਲ ਮੀਡੀਆ 'ਤੇ ਹੀ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਹੈ ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇਕ ਪ੍ਰਦਰਸ਼ਨਕਾਰੀ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਅੱਜ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ। ਜੇਕਰ ਪ੍ਰਸ਼ਾਸਨ ਸਮਾਂ ਰਹਿੰਦੇ ਪ੍ਰਬੰਧ ਕਰਦਾ ਤਾਂ ਅੱਜ ਇਹ ਨੌਬਤ ਹੀ ਨਾ ਆਉਂਦੀ।

PunjabKesari

ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...

ਡੇਢ-ਦੋ ਮਹੀਨਿਆਂ ਤੋਂ ਇੰਤਜ਼ਾਰ ਪਰ ਨਤੀਜਾ ਜ਼ੀਰੋ
ਪ੍ਰਦਰਸ਼ਨਕਾਰੀ ਗੈਸ ਉਪਭੋਗਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਡੇਢ ਤੋਂ ਦੋ ਮਹੀਨੇ ਪਹਿਲਾਂ ਗੈਸ ਬੁਕਿੰਗ ਕਰਵਾਈ ਸੀ ਅਤੇ ਉਨ੍ਹਾਂ ਕੋਲ ਵੈਧ ਓ. ਟੀ. ਪੀ. ਵੀ ਮੌਜੂਦ ਹਨ ਪਰ ਵਾਰ-ਵਾਰ ਏਜੰਸੀ ਦੇ ਚੱਕਰ ਕੱਟਣ ਦੇ ਬਾਵਜੂਦ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ। ਪਿੰਡ ਜਗਤਪੁਰ ਜੱਟਾਂ, ਖਾਟੀ ਅਤੇ ਹਦੀਆਬਾਦ ਸਮੇਤ ਹੋਰ ਇਲਾਕਿਆਂ ਤੋਂ ਆਏ ਫਗਵਾੜਾ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੀ ਦਿਹਾੜੀ-ਮਜ਼ਦੂਰੀ ਛੱਡ ਕੇ ਮੀਲਾਂ ਦੂਰੋਂ ਏਜੰਸੀ ਆਉਂਦੇ ਹਨ ਪਰ ਇਥੇ ਪਹੁੰਚਣ 'ਤੇ ਉਨ੍ਹਾਂ ਨੂੰ ਸਿਰਫ਼ ਬੰਦ ਸ਼ਟਰ ਹੀ ਮਿਲਦਾ ਹੈ। ਉਪਭੋਗਤਾਵਾਂ ਨੇ ਗੁੱਸੇ ਵਿੱਚ ਕਿਹਾ ਕਿ ਨਾ ਤਾਂ ਏਜੰਸੀ ਦੇ ਕਰਮਚਾਰੀ ਫ਼ੋਨ ਚੁੱਕਦੇ ਹਨ ਅਤੇ ਨਾ ਹੀ ਕੋਈ ਤਸੱਲੀਬਖ਼ਸ਼ ਜਵਾਬ ਦਿੰਦੇ ਹਨ।

PunjabKesari

ਇਹ ਵੀ ਪੜ੍ਹੋ: ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ! ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਨੂੰ ਲੈ ਨਵੇਂ ਹੁਕਮ ਜਾਰੀ

ਏਜੰਸੀ ਪ੍ਰਬੰਧਨ ''ਤੇ ਗੰਭੀਰ ਦੋਸ਼
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀਆਂ ਹੋਰ ਗੈਸ ਏਜੰਸੀਆਂ ਸੁਚਾਰੂ ਢੰਗ ਨਾਲ ਹੋਮ ਡਿਲੀਵਰੀ ਕਰ ਰਹੀਆਂ ਹਨ, ਪਰ ਇਸ ਵਿਸ਼ੇਸ਼ ਏਜੰਸੀ ਦੇ ਉਪਭੋਗਤਾ ਪਿਛਲੇ ਕਈ ਹਫ਼ਤਿਆਂ ਤੋਂ ''ਖੱਜਲ-ਖ਼ੁਆਰ'' ਹੋ ਰਹੇ ਹਨ। ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਆਪਣਾ ਦੁੱਖ਼ ਸੁਣਾਉਂਦਿਆਂ ਕਿਹਾ, "ਸਾਡੇ ਘਰਾਂ ਵਿੱਚ ਛੋਟੇ ਬੱਚੇ ਹਨ ਅਤੇ ਚੁੱਲ੍ਹਾ ਬਾਲਣਾ ਮੁਸ਼ਕਲ ਹੋ ਗਿਆ ਹੈ। ਜਦੋਂ ਅਸੀਂ ਏਜੰਸੀ ਆਉਂਦੇ ਹਾਂ ਤਾਂ ਕਰਮਚਾਰੀ ਅੰਦਰੋਂ ਦਰਵਾਜ਼ਾ ਬੰਦ ਕਰ ਲੈਂਦੇ ਹਨ।"

PunjabKesari

ਪੁਲਸ ਅਤੇ ਜਨਤਾ ਵਿਚਾਲੇ ਹੋਈ ਰੱਜ ਕੇ ਤਿੱਖੀ ਬਹਿਸ
ਸੜਕ ਜਾਮ ਦੀ ਸੂਚਨਾ ਮਿਲਦਿਆਂ ਹੀ ਫਗਵਾੜਾ ਪੁਲਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ''ਤੇ ਪਹੁੰਚੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਤਿੱਖੀ ਬਹਿਸ ਵੀ ਹੋਈ ਅਤੇ ਟ੍ਰੈਫਿਕ ਜਾਮ ਲਗਾ ਬੈਠੇ ਹੋਏ ਲੋਕਾਂ ਨੂੰ ਹਟਾਉਣ ਲਈ ਪੁਲਸ ਨੇ ਸਖ਼ਤੀ ਵੀ ਵਰਤੀ। ਡੀ. ਐੱਸ. ਪੀ. ਫਗਵਾੜਾ ਨੇ ਸਥਿਤੀ ਨੂੰ ਸੰਭਾਲਦਿਆਂ ਏਜੰਸੀ ਮਾਲਕਾਂ ਨਾਲ ਸਿੱਧੀ ਗੱਲਬਾਤ ਕੀਤੀ ਦੱਸੀ ਜਾਂਦੀ ਹੈ। ਏਜੰਸੀ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਲੋਕਾਂ ਦੇ ਭਾਰੀ ਇਕੱਠ ਅਤੇ ਗੁੱਸੇ ਨੂੰ ਦੇਖ ਕੇ ਮਹਿਲਾ ਕਰਮਚਾਰੀ ਡਰ ਗਈਆਂ ਸਨ, ਜਿਸ ਕਾਰਨ ਦਫ਼ਤਰ ਦਾ ਸ਼ਟਰ ਡੇਗ ਦਿੱਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ

ਪੁਲਸ ਦੀ ਸਖ਼ਤ ਹਦਾਇਤ
ਸੂਤਰਾਂ ਨੇ ਦੱਸਿਆ ਕੀ ਪੁਲਸ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਏਜੰਸੀ ਦੇ ਬਾਹਰ ਇਕ ਸਪੱਸ਼ਟ ਨੋਟਿਸ ਬੋਰਡ ਲਗਾਉਣ, ਜਿਸ 'ਤੇ ਇਹ ਲਿਖਿਆ ਹੋਵੇ ਕਿ ਕਿਸ ਤਰੀਕ ਤੱਕ ਦੀ ਬੁਕਿੰਗ ਵਾਲੇ ਗਾਹਕਾਂ ਨੂੰ ਸਿਲੰਡਰ ਵੰਡੇ ਜਾ ਰਹੇ ਹਨ। ਇਸ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕਿਆ ਅਤੇ ਯਾਤਾਯਾਤ ਬਹਾਲ ਹੋ ਸਕਿਆ। ਹਾਲਾਂਕਿ, ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਸਪਲਾਈ ਠੀਕ ਨਾ ਹੋਈ ਤਾਂ ਉਹ ਦੋਬਾਰਾ ਸੰਘਰਸ਼ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ ਹਨ੍ਹੇਰੀ-ਝੱਖੜ ਦਾ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News