ਫਾਸਟ ਫੂਡ ਦੀ ਦੁਕਾਨ ''ਚ ਬਰਗਰ ਬਣਾਉਂਦੇ ਸਮੇਂ ਹੋਈ ਗੈਸ ਲੀਕੇਜ, 3 ਸਿਲੰਡਰ ਫਟੇ

05/13/2020 3:51:12 PM

ਬੇਗੋਵਾਲ (ਰਜਿੰਦਰ, ਬਬਲਾ)— ਕੋਰੋਨਾ ਵਾਇਰਸ ਸਬੰਧੀ ਲੱਗੇ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਫਾਸਟ ਫੂਡ, ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਹੋਮ ਡਿਲਿਵਰੀ ਕਰਨ ਲਈ ਰਾਹਤ ਦਿੱਤੀ ਹੋਈ ਹੈ ਪਰ ਇਸ ਵਾਸਤੇ ਮਨਜ਼ਰੀ ਵੀ ਜ਼ਰੂਰੀ ਕੀਤੀ ਹੋਈ ਹੈ। ਇਸੇ ਦੌਰਾਨ ਨੇੜਲੇ ਪਿੰਡ ਇਬਰਾਹਿਮਵਾਲ ਵਿਖੇ ਫਾਸਟ ਫੂਡ ਦੀ ਦੁਕਾਨ 'ਚ ਬਰਗਰ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ ਅਤੇ ਦੁਕਾਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਦੁਕਾਨ 'ਚ ਪਏ ਦੋ ਹੋਰ ਸਿਲੰਡਰ ਅੱਗ ਦੀ ਲਪੇਟ ਵਿਚ ਆ ਗਏ, ਜਿਨਾਂ ਦੇ ਇਕ ਤੋਂ ਬਾਅਦ ਇਕ ਜ਼ਬਰਦਸਤ ਧਮਾਕੇ ਹੋਏ।

ਜਾਣਕਾਰੀ ਅਨੁਸਾਰ ਬੇਗੋਵਾਲ ਤੋਂ ਨਡਾਲਾ ਰੋਡ 'ਤੇ ਪੈਂਦੇ ਪਿੰਡ ਇਬਰਾਹਿਮਵਾਲ ਦੇ ਅੱਡੇ 'ਤੇ ਬੀਤੇ ਦਿਨ ਦੁਪਹਿਰ ਵੇਲੇ ਫਾਸਟ ਫੂਡ ਦੀ ਇਕ ਦੁਕਾਨ 'ਚ ਬਰਗਰ ਬਣਾਏ ਜਾ ਰਹੇ ਸੀ, ਜਿਸ ਦੌਰਾਨ ਸਿਲੰਡਰ ਦੀ ਗੈਸ ਲੀਕੇਜ ਹੋ ਗਈ ਅਤੇ ਸਿਲੰਡਰ ਫਟ ਗਿਆ ਅਤੇ ਦੁਕਾਨ 'ਚ ਅੱਗ ਲੱਗ ਗਈ। ਇਸ ਤੋਂ ਬਾਅਦ ਦੁਕਾਨ 'ਚ ਪਏ 2 ਹੋਰ ਸਿਲੰਡਰਾਂ ਦੇ ਜ਼ਬਰਦਸਤ ਧਮਾਕੇ ਹੋਏ। ਜਦਕਿ ਇਕ ਸਿਲੰਡਰ ਦੁਕਾਨ ਵਿਚ ਖਾਲੀ ਪਿਆ ਸੀ। ਜੇਕਰ ਇਹ ਵੀ ਭਰਿਆ ਹੁੰਦਾ ਤਾਂ ਨੁਕਸਾਨ ਹੋਰ ਹੋ ਜਾਣਾ ਸੀ। ਇਨੱਮ ਧਮਾਕਿਆਂ ਅਤੇ ਅੱਗ ਨਾਲ ਫਾਸਟ ਫੂਡ ਵਾਲੀ ਦੁਕਾਨ ਸੜ ਕੇ ਸੁਆਹ ਹੋ ਗਈ ਅਤੇ ਦੁਕਾਨ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ।

PunjabKesari

ਦੱਸ ਦੇਈਏ ਕਿ ਇਹ ਫਾਸਟ ਫੂਡ ਨੇਪਾਲ ਦੇ ਵਸਨੀਕ ਭਾਨ ਸਿੰਘ ਦਾ ਹੈ, ਜੋ ਹਾਲ ਹੀ 'ਚ ਪਿੰਡ ਇਬਰਾਹਿਮਵਾਲ ਵਿਖੇ ਰਹਿੰਦਾ ਹੈ। ਅੱਜ ਨੇਪਾਲੀ ਦੁਪਹਿਰ ਵੇਲੇ ਘਰ ਗਿਆ ਸੀ ਅਤੇ ਉਸ ਦਾ ਇਕ ਸਾਥੀ ਦੁਕਾਨ 'ਚ ਬਰਗਰ ਬਣਾ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਜਿਸ ਤੋਂ ਬਾਅਦ ਕਪੂਰਥਲਾ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਕੁਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਨਾਇਬ ਤਹਿਸੀਲਦਾਰ ਭੁਲੱਥ ਰਣਜੀਤ ਕੌਰ ਤੇ ਐੱਸ. ਐੱਚ. ਓ. ਬੇਗੋਵਾਲ ਸ਼ਿਵਕੰਵਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਰਣਜੀਤ ਕੌਰ ਨੇ ਦੱਸਿਆ ਕਿ ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੇ ਐੱਸ. ਐੱਚ. ਓ. ਬੇਗੋਵਾਲ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਚੈੱਕ ਕਰ ਕੇ ਹੀ ਅਗਲੇਰੀ ਕਾਰਵਾਈ ਯਕੀਨੀ ਬਣਾਉਣ ਕਿ ਉਕਤ ਵਿਅਕਤੀ ਨੇ ਫਾਸਟ ਫੂਡ ਖੋਲ੍ਹਣ ਸਬੰਧੀ ਮਨਜ਼ੂਰੀ ਲਈ ਹੋਈ ਹੈ ਜਾਂ ਨਹੀਂ।

ਰੈਸਟੋਰੈਂਟ, ਫਾਸਟ ਫੂਡ ਤੇ ਢਾਬਿਆਂ ਨੂੰ ਹੋਮ ਡਿਲਿਵਰੀ ਲਈ ਮਨਜ਼ੂਰੀ ਜ਼ਰੂਰੀ : ਐੱਸ. ਡੀ. ਐੱਮ.
ਸਬ ਡਿਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਲੱਗੇ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਰੈਸਟੋਰੈਂਟ, ਫਾਸਟ ਫੂਡ ਅਤੇ ਢਾਬਿਆਂ ਨੂੰ ਹੋਮ ਡਿਲਿਵਰੀ ਦੀ ਛੋਟ ਦਿੱਤੀ ਹੋਈ ਹੈ। ਪਰ ਹੋਮ ਡਿਲਿਵਰੀ ਕਰਨ ਲਈ ਇਨਾਂ ਸਾਰਿਆਂ ਨੂੰ ਅਸਿਸਟੈਂਟ ਫੂਡ ਕਮਿਸ਼ਨਰ ਕਪੂਰਥਲਾ ਪਾਸੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਕਿਉਂਕਿ ਰੈਸਟੋਰੈਂਟ, ਫਾਸਟ ਫੂਡ ਤੇ ਢਾਬਿਆਂ 'ਤੇ ਕਿਚਨ ਵਿਚ ਸਾਫ ਸਫਾਈ ਆਦਿ ਦੇਖ ਕੇ ਹੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਜਿਸ ਲਈ ਸਾਰੇ ਰੈਸਟੋਰੈਂਟ, ਫਾਸਟ ਫੂਡ ਤੇ ਢਾਬਿਆਂ ਦੇ ਮਾਲਕਾਂ ਮੈਨੇਜ਼ਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਨਜ਼ੂਰੀ ਲੈ ਕੇ ਹੀ ਹੋਮ ਡਲਿਵਰੀ ਯਕੀਨੀ ਬਣਾਉਣ। ਜੇਕਰ ਕੋਈ ਬਿਨਾਂ ਮਨਜ਼ੂਰੀ ਤੋਂ ਹੋਮ ਡਲਿਵਰੀ ਕਰਦਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਚੁੱਪ ਚੁਪੀਤੇ ਕੁਝ ਲੋਕ ਕਰਦੇ ਨੇ ਹੋਮ ਡਲਿਵਰੀ
ਦੱਸ ਦੇਈਏ ਕਿ ਭੁਲੱਥ ਹਲਕੇ ਵਿਚ ਕੁਝ ਫੂਡ ਪੁਆਇੰਟਾਂ ਵਾਲੇ ਮਨਜ਼ੂਰੀ ਤੋਂ ਬਿਨਾਂ ਹੋਮ ਡਲਿਵਰੀ ਕਰ ਰਹੇ ਹਨ। ਜੋ ਕਿ ਕਾਫੀ ਦਿਨਾਂ ਤੋਂ ਚੱਲ ਰਹੀ ਹੈ। ਅਜਿਹਾ ਕਰਕੇ ਇਹ ਲੋਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਬਣਾਈਆਂ ਨੀਤੀਆਂ ਦੀਆਂ ਧੱਜੀਆਂ ਉਡਾ ਰਹੇ ਹਨ।


shivani attri

Content Editor

Related News