ਵੱਡੀ ਸਫਲਤਾ : ਵੱਖ-ਵੱਖ ਥਾਵਾਂ ਤੋਂ ਗੈਸ ਕਟਰ ਨਾਲ ATM ਤੋੜ ਲੱਖਾਂ ਰੁਪਏ ਲੁੱਟਣ ਵਾਲੇ 4 ਲੁਟੇਰੇ ਕਾਬੂ, 1 ਫ਼ਰਾਰ
Saturday, Sep 04, 2021 - 01:54 PM (IST)
ਗੁਰਦਾਸਪੁਰ (ਹਰਮਨ) - ਪੁਲਸ ਥਾਣਾ ਤਿੱਬੜ ਅਧੀਨ ਪਿੰਡ ਸਿੱਧਵਾਂ ਵਿਖੇ ਜੁਲਾਈ ਮਹੀਨੇ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐੱਮ. ਮਸ਼ੀਨ ਨੂੰ ਗੈਸ ਕਟਰਨ ਨਾਲ ਕੱਟ ਕੇ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰੇ ਪੁਲਸ ਨੇ ਕਾਬੂ ਕਰ ਲਏ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਤਿੱਬੜ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ ਤੜਕਸਾਰ ਕਰੀਬ 3.30 ਵਜੇ ਦੇ ਕਰੀਬ ਅਣਪਛਾਤੇ ਲੁਟੇਰਿਆਂ ਨੇ ਏ.ਟੀ.ਐੱਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਇਸ ਵਿਚੋਂ ਕਰੀਬ 2 ਲੱਖ 36 ਹਜ਼ਾਰ 500 ਰੁਪਏ ਚੋਰੀ ਕਰ ਲਏ ਸਨ। ਘਟਨਾ ਵਾਲੀ ਥਾਂ ’ਤੇ ਲੱਗੇ ਕੈਮਰੇ ਦੀ ਸੀ.ਸੀ.ਟੀ.ਵੀ. ਫੁਟੇਜ਼ ਤੋਂ ਗੱਲ ਸਾਹਮਣੇ ਆਈ ਸੀ ਕਿ ਚੋਰ ਚਿੱਟੇ ਰੰਗ ਦੀ ਪੁਰਾਣੇ ਮਾਡਲ ਵਾਲੀ ਡੀਜਾਇਰ ਕਾਰ 'ਤੇ ਆਏ ਸਨ, ਜਿਨਾਂ ਨੇ 3.30 ਵਜੇ ਤੋਂ 3.45 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਦੋ ਧਿਰਾਂ ਵਿਚਾਲੇ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਭੱਜ ਕੇ ਬਚਾਈ ਜਾਨ (ਤਸਵੀਰਾਂ)
ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਕਤ ਲੁਟੇਰਿਆਂ ਨੇ 20 ਅਗਸਤ ਨੂੰ ਜਲੰਧਰ ਦਿਹਾਤੀ ਦੇ ਪੁਲਸ ਥਾਣੇ ਆਦਮਪੁਰ ਅਧੀਨ ਡਰੋਲੀ ਕਲਾਂ ਵਿਖੇ ਵੀ ਏ.ਟੀ.ਐੱਮ ਤੋੜ ਕੇ ਕਰੀਬ 4 ਲੱਖ ਰੁਪਏ ਦੀ ਨਗਦ ਲੁੱਟ ਲਈ, ਜਿਸ ਦੇ ਬਾਅਦ ਆਦਮਪੁਰ ਥਾਣੇ ਦੀ ਪੁਲਸ ਨੇ ਇਨ੍ਹਾਂ ਚੋਰਾਂ ਦਾ ਪਤਾ ਲਗਾ ਕੇ 4 ਦੋਸ਼ੀਆਂ ਨੂੰ ਕਾਬੂ ਕਰ ਲਿਆ, ਜਦੋਂਕਿ ਇਨ੍ਹਾਂ ਦਾ 5ਵਾਂ ਦੋਸ਼ੀ ਫਰਾਰ ਹੈ। ਥਾਣਾ ਮੁਖੀ ਨੇ ਦੱਸਿਆ ਕਿ ਆਦਮਪੁਰ ਪੁਲਸ ਵੱਲੋਂ ਕੀਤੀ ਗਈ ਪੁਛਗਿਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਿਧਵਾਂ ਪਿੰਡ ਅਤੇ ਮੋਗਾ ਜ਼ਿਲ੍ਹੇ ਵਿੱਚ ਵੀ ਏ.ਟੀ.ਐੱਮ ਲੁੱਟੇ ਹਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਦੂਜੇ ਪਾਸੇ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਸੀ, ਜਿਥੋਂ ਇਨ੍ਹਾਂ ਨੂੰ ਦੋ ਦਿਨਾਂ ਦੇ ਵਰੰਟ 'ਤੇ ਲਿਆ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਜਸਪਾਲ ਸਿੰਘ ਉਰਫ ਬੱਗਾ ਪੁੱਤਰ ਬੂੜ ਸਿੰਘ, ਸਵਿੰਦਰ ਸਿੰਘ ਉਰਫ ਟੀਟੂ ਪੁੱਤਰ ਅਮਰੀਕ ਸਿੰਘ, ਦਲਜੀਤ ਸਿੰਘ ਉਰਫ ਸੋਨੂੰ ਪੁੱਤਰ ਸੁਖਦੇਵ ਸਿੰਘ, ਚਰਨਜੀਤ ਸਿੰਘ ਉਰਫ ਨੰਦੂ ਪੁੱਤਰ ਰਣਜੀਤ ਸਿੰਘ ਤਰਨਤਾਰਨ ਰੋਡ ਵਜੋਂ ਹੋਈ ਹੈ। ਇਹ ਦੋਸ਼ੀ ਅੰਮ੍ਰਿਤਸਰ ਵਿਖੇ ਗੁਰੂ ਨਾਨਕਪੁਰਾ ਮੁਹੱਲੇ ਦੀ ਗਲੀ ਨੰਬਰ 7 ਵਿੱਚ ਕਿਰਾਏ 'ਤੇ ਰਹਿੰਦੇ ਸਨ। ਇਨ੍ਹਾਂ ਦਾ ਪੰਜਵਾ ਸਾਥੀ ਸ਼ੰਕਰ ਅਜੇ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)