ਗੜ੍ਹਸ਼ੰਕਰ ''ਚ ਕਾਲੇ ਕਾਨੂੰਨਾਂ ਖ਼ਿਲਾਫ ਧਰਨਿਆਂ ਦੌਰਾਨ ਝੰਡਿਆਂ ਨੂੰ ਲੈ ਕੇ ਹੋਈ ਤਕਰਾਰ

12/08/2020 5:20:55 PM

ਗੜ੍ਹਸ਼ੰਕਰ (ਸ਼ੋਰੀ) : ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਭਾਰਤ ਬੰਦ ਦੇ ਹੱਕ 'ਚ ਇੱਥੋਂ ਦੇ ਨੰਗਲ ਚੌਂਕ ਤੇ ਬੰਗਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ। ਬੰਗਾਂ ਚੌਂਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਣੇ ਹੱਥਾਂ 'ਚ ਹਰੇ ਝੰਡੇ ਲੈ ਕੇ ਸਭ ਤੋਂ ਪਹਿਲਾਂ ਧਰਨੇ ਵਾਲੀ ਥਾਂ 'ਤੇ ਆ ਕੇ ਬੈਠ ਗਏ। ਕੁੱਝ ਸਮੇਂ ਤੋਂ ਬਾਅਦ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਵਰਕਰ ਆਪਣੇ ਝੰਡੇ ਲੈ ਕੇ ਬੰਗਾ ਚੌਂਕ ਦੇ ਦੂਸਰੇ ਪਾਸੇ ਬੈਠ ਗਏ। ਦੋਹਾਂ ਪਾਸਿਆਂ ਤੋਂ ਲਾਊਡ ਸਪੀਕਰ ਸ਼ੁਰੂ ਹੋ ਗਏ, ਕੁੱਝ ਲੋਕਾਂ ਨੇ ਜਦੋਂ ਇੱਕ ਮੰਚ ਬਣਾਉਣ ਦੀ ਗੱਲ ਕਹੀ ਤਾਂ ਕਾਮਰੇਡਾਂ ਦੇ ਝੰਡੇ ਹਟਾਉਣ ਦੀ ਗੱਲ ਦਾ ਮੁੱਦਾ ਲੈ ਕੇ ਦੋਨਾਂ ਪੱਖਾਂ 'ਚ ਤਕਰਾਰ ਹੋ ਗਈ ਪਰ ਅਖ਼ੀਰ ਦੋਹਾਂ ਧਿਰਾਂ ਨੇ ਮਿਲ ਕੇ ਧਰਨਾ ਸ਼ੁਰੂ ਕਰ ਦਿੱਤਾ।

ਮੰਚ ਦਾ ਸੰਚਾਲਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕੀਤਾ। ਅਕਾਲੀ ਦਲ ਵੱਲੋਂ ਹਰਜੀਤ ਸਿੰਘ ਭਾਤਪੁਰੀ ਅਤੇ ਮੁਲਾਜ਼ਮ ਜੱਥੇਬੰਦੀਆਂ ਤੋਂ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਬੰਗਾ ਚੌਂਕ ਦੇ 100 ਮੀਟਰ ਦੇ ਨਜ਼ਦੀਕ ਹੀ ਨੰਗਲ ਚੌਂਕ 'ਚ ਖੇਤੀ ਸੁਧਾਰ ਬਿੱਲਾਂ ਨੂੰ ਰੱਦ ਕਰਨ ਲਈ ਦੂਜਾ ਧਰਨਾ ਚੱਲ ਰਿਹਾ ਸੀ, ਜਿਸ 'ਚ ਕਿਸੇ ਵੀ ਪਾਰਟੀ ਦਾ ਕੋਈ ਝੰਡਾ ਨਹੀਂ ਸੀ। ਇਨ੍ਹਾਂ ਨੂੰ ਵੀ ਜਦ ਬੰਗਾਂ ਚੌਂਕ 'ਚ ਜਾ ਕੇ ਧਰਨਾ ਦੇਣ ਦੀ ਗੱਲ ਕਹੀ ਗਈ ਤਾਂ ਇਨ੍ਹਾਂ ਨੇ ਕੋਰਾ ਜਵਾਬ ਦਿੰਦੇ ਕਿਹਾ ਕਿ ਉਹ ਆਪਣੀ ਸਟੇਜ ਨੰਗਲ ਚੌਂਕ 'ਚ ਹੀ ਚਲਾਉਣਗੇ।
ਇਸ ਧਰਨੇ ਦੌਰਾਨ ਪਹਿਲਵਾਨ ਬਘੇਲ ਸਿੰਘ ਨੇ ਕਿਸਾਨਾਂ ਦੇ ਮੁੱਦੇ 'ਤੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾਣ ਦਾ ਮਾਮਲਾ ਸੰਗਤ ਦੇ ਧਿਆਨ 'ਚ ਲਿਆਉਂਦੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦਾਨੀ ਸੱਜਣਾਂ ਨੂੰ ਖ਼ਬਰਦਾਰ ਕੀਤਾ। ਉਨ੍ਹਾਂ ਨੇ ਨਿਰਮਲ ਸਿੰਘ ਬੋੜਾਂ ਅਤੇ ਸਤਨਾਮ ਸਿੰਘ ਬੋੜਾਂ ਵਰਗੇ ਕਿਸਾਨਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਘਰਸ਼ 'ਚ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ, ਨਾ ਕਿ ਉਨ੍ਹਾਂ ਲੋਕਾਂ ਦੀ, ਜੋ ਸਿਆਸਤਦਾਨਾਂ ਦੀ ਚਾਪਲੂਸੀ ਕਰਦੇ ਹਨ ਅਤੇ ਸਿਆਸੀ ਲੋਕਾਂ ਨੂੰ ਤਾਕਤਵਰ ਕਰਨ ਲਈ ਪ੍ਰਚਾਰ 'ਚ ਡਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਕਿੱਥੇ ਅਤੇ ਕਿੰਝ ਬੈਠ ਕੇ ਧਰਨਾ ਦੇ ਕੇ ਇਸ ਸੰਘਰਸ਼ ਨੂੰ ਅੱਗੇ ਤੋਰਨਾ ਹੈ।


Babita

Content Editor

Related News