ਇੰਟੈਲੀਜੈਂਸੀ ਨੂੰ ਗੈਂਗਸਟਰਾਂ ਦੀ ''ਫੇਸਬੁੱਕ'' ਤੋਂ ਮਿਲੇ ਇਤਰਾਜ਼ਯੋਗ ਕੁਮੈਂਟਸ, ਲੱਭ ਰਹੀ ਭੇਜਣ ਵਾਲੇ ਦਾ ਅਕਾਊਂਟ

11/10/2017 12:52:02 PM

ਲੁਧਿਆਣਾ : ਹਿੰਦੂ ਆਗੂਆਂ ਦੇ ਕਤਲ 'ਚ ਸ਼ਾਮਲ ਰਮਨਦੀਪ ਸਿੰਘ ਉਰਫ ਰਮਨ ਕੈਨੇਡੀਅਨ ਅਤੇ ਗੈਂਗਸਟਰ ਗੁਗਨੀ ਦੇ ਕਰੀਬੀ ਲੋਕਾਂ ਬਾਰੇ ਲੁਧਿਆਣਾ ਪੁਲਸ ਜਾਣਕਾਰੀ ਜੁਟਾ ਰਹੀ ਹੈ। ਇਨ੍ਹਾਂ ਗੈਂਗਸਟਰਾਂ ਵਿਚਕਾਰ ਚੱਲ ਰਹੀਆਂ ਫੇਸਬੁੱਕ ਸਾਈਟਾਂ ਨੂੰ ਵੀ ਇੰਟੈਲੀਜੈਂਸੀ ਕਾਊਂਟਰ ਦੀਆਂ ਵਿਸ਼ੇਸ਼ ਟੀਮਾਂ ਖੰਗਾਲਣ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਇੰਟੈਲੀਜੈਂਸੀ ਨੂੰ ਇਨ੍ਹਾਂ ਲੋਕਾਂ ਦੇ ਫੇਸਬੁੱਕ ਤੋਂ ਕੁਝ ਇਤਰਾਜ਼ਯੋਗ ਕੁਮੈਂਟਸ ਵੀ ਮਿਲੇ ਹਨ, ਜਿਨ੍ਹਾਂ 'ਚ ਇਕ ਨੌਜਵਾਨ ਨੇ ਜਦੋਂ ਕੁਮੈਂਟ ਕੀਤਾ ਤਾਂ ਉਸ ਦੇ ਜਵਾਬ 'ਚ ਲਿਖਿਆ ਗਿਆ, ''ਪੁੱਤ ਫੁਕਰੀਆਂ ਘੱਟ ਮਾਰਿਆ ਕਰ, ਪਹਿਲਾਂ ਜਿਹੜੀਆਂ ਸਪਲਾਈਆਂ ਆਈਆਂ ਨੇ, ਉਹ ਤਾਂ ਕਲੀਅਰ ਕਰ ਲਓ, ਐਵੇਂ ਵੱਡੀਆਂ-ਵੱਡੀਆਂ ਗੱਲਾਂ ਨਾ ਕਰੋ, ਬਿਨਾਂ ਸਿਰ-ਪੈਰ ਦੀਆਂ।'' ਇਸ ਨੂੰ ਲੈ ਕੇ ਵੀ ਪੁਲਸ ਕੁਮੈਂਟਸ ਭੇਜਣ ਅਤੇ ਰਿਸੀਵ ਕਰਨ ਵਾਲਿਆਂ ਦੇ ਅਕਾਊਂਟ ਖੰਗਾਲ ਰਹੀ ਹੈ। ਪੁਲਸ ਗੈਂਗਸਟਰਾਂ ਅਤੇ ਕੱਟੜਪੰਥੀਆਂ ਨੂੰ ਆਪਸ 'ਚ ਜੋੜਨ ਵਾਲੀ ਕੜੀ ਨੂੰ ਲੈ ਕੇ ਵੀ ਭਾਲ ਰਹੀ ਹੈ ਕਿ ਅਖੀਰ ਜੇਲ 'ਚ ਬੰਦ ਗੈਂਗਸਟਰ ਗੁਗਨੀ ਨੇ ਕਿਸ ਤਰ੍ਹਾਂ ਨਾਲ ਕੱਟੜਪੰਥੀਆਂ ਨਾਲ ਹੱਥ ਮਿਲਾਇਆ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਵੀ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਗਾ 'ਚ 4 ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਖਬਰ ਹੈ। ਲੁਧਿਆਣਾ ਪੁਲਸ ਨੇ ਬੱਬਰ ਖਾਲਸਾ ਸੰਗਠਨ ਦੇ 7 ਲੋਕਾਂ ਨੂੰ ਚੁੱਕਿਆ ਸੀ। ਪੁਲਸ ਨੇ ਕਰੀਬ 6 ਮਹੀਨੇ ਪਹਿਲਾਂ ਪੁਲਸ ਵਲੋਂ ਗ੍ਰਿਫਤਾਰ ਕੀਤੇ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਕੌਰ ਤੋਂ ਵੀ ਪੁੱਛਗਿੱਛ ਕੀਤੀ ਹੈ ਕਿਉਂਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਕੌਰ ਇਨ੍ਹਾਂ ਲੋਕਾਂ ਨੂੰ ਫੰਡਿੰਗ ਦੇ ਨਾਲ-ਨਾਲ ਅਸਲਾ ਵੀ ਮੁਹੱਈਆ ਕਰਾਉਂਦੀ ਸੀ। 


Related News