ਗੈਂਗਸਟਰ ਰੰਮੀ ਮਛਾਣਾ ਦੇ ਘਰ ਐੱਨ. ਆਈ. ਏ. ਦੀ ਛਾਪੇਮਾਰੀ

Tuesday, Feb 21, 2023 - 06:25 PM (IST)

ਗੈਂਗਸਟਰ ਰੰਮੀ ਮਛਾਣਾ ਦੇ ਘਰ ਐੱਨ. ਆਈ. ਏ. ਦੀ ਛਾਪੇਮਾਰੀ

ਬਠਿੰਡਾ (ਵਰਮਾ) : ਮੰਗਲਵਾਰ ਸਵੇਰੇ ਐੱਨ. ਆਈ. ਏ. ਨੇ ਪਿੰਡ ਮਛਾਣਾ ਦੇ ਰਹਿਣ ਵਾਲੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਛਾਪੇਮਾਰੀ ਅਤੇ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਮੋਗਾ ਵਿਚ ਵੀ ਐੱਨ. ਆਈ. ਏ. ਟੀਮ ਨੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ। ਇਸ ਬਾਰੇ ਵੀ ਮੋਗਾ ਦੇ ਐੱਸ.ਐੱਸ.ਪੀ. ਜੇ. ਏਲਨਚੇਲੀਅਨ ਵਲੋਂ ਪੁਸ਼ਟੀ ਕਰ ਦਿੱਤੀ ਹੈ। ਐੱਨ. ਆਈ. ਏ ਦੀ ਟੀਮ ਨੇ ਮੰਗਲਵਾਰ ਸਵੇਰੇ ਜ਼ਿਲ੍ਹੇ ਦੇ ਪਿੰਡ ਮਛਾਣਾ ਵਿਖੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਸਿੱਧਾ ਛਾਪਾ ਮਾਰਿਆ। ਐੱਨ. ਆਈ. ਏ ਟੀਮ ਦੇ ਪਿੰਡ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ। ਐੱਨ. ਆਈ. ਏ. ਦੀ ਟੀਮ ਨੇ ਰੰਮੀ ਦੇ ਘਰ ਦੀ ਤਲਾਸ਼ੀ ਵੀ ਲਈ ਅਤੇ ਘਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਹੁਣ ਤੱਕ ਕਿਸੇ ਵੀ ਪੁਲਸ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਐੱਨ. ਆਈ. ਏ. ਦੀ ਟੀਮ ਵਲੋਂ ਰੰਮੀ ਦੇ ਘਰ ਤੋਂ ਕੀ ਲਿਆ ਹੈ।

ਐੱਨ. ਆਈ. ਏ. ਦੀ ਟੀਮ ਨੇ ਪਿੰਡ ਬਹਿਮਣ ਕੌਰ ਸਿੰਘ ਵਾਲਾ, ਤਲਵੰਡੀ ਸਾਬੋ ਦੇ ਵਸਨੀਕ ਮਨਜਿੰਦਰ ਸਿੰਘ ਮਿੰਦੀ ਦੇ ਘਰ ਛਾਪਾ ਮਾਰਿਆ। ਮਨਜਿੰਦਰ ਸਿੰਘ ਗੈਂਗਸਟਰ ਜੱਗਾ ਤਖਤਮਲ ਦਾ ਸਾਥੀ ਹੈ ਅਤੇ ਉਸ ’ਤੇ ਹਰਿਆਣਾ ਵਿਚ ਵੀ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਐੱਨ. ਆਈ. ਏ. ਦੀ ਟੀਮ ਨੇ ਮਿੰਦੀ ਦੇ ਘਰੋਂ ਕੁਝ ਸਾਮਾਨ ਜ਼ਬਤ ਕੀਤਾ ਅਤੇ ਨਾਲ ਲੈ ਗਈ। ਬਠਿੰਡਾ ਦੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਭਾਵੇਂ ਐੱਨ. ਆਈ. ਏ. ਦੀਆਂ ਟੀਮਾਂ ਨੇ ਉਕਤ ਜ਼ਿਲ੍ਹਿਆਂ ਵਿਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਹੈ ਪਰ ਉਨ੍ਹਾਂ ਕੋਲ ਉਕਤ ਛਾਪਿਆਂ ਬਾਰੇ ਕੁਝ ਹੋਰ ਜਾਣਕਾਰੀ ਨਹੀਂ ਹੈ। ਇਹ ਛਾਪੇਮਾਰੀ ਗੈਂਗਸਟਰਾਂ ਦੇ ਸਬੰਧ ਵਿਚ ਹੀ ਕੀਤੀ ਗਈ ਸੀ। ਮੋਗਾ ਵਿਚ ਵੀ ਟੀਮ ਨੇ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਸ . ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਮੋਗਾ ਦੇ ਐੱਸ. ਐੱਸ. ਪੀ ਜੇ ਏਲਨਚੇਲੀਅਨ ਨੇ ਦੱਸਿਆ ਕਿ ਐੱਨ. ਆਈ. ਏ ਦੀਆਂ ਟੀਮਾਂ ਨੇ ਉਪਰੋਕਤ ਜ਼ਿਲ੍ਹਿਆਂ ਵਿਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਹੈ ਪਰ ਉਕਤ ਛਾਪੇ ਦੀ ਜਾਣਕਾਰੀ ਉਹ ਕੁਝ ਸਮੇਂ ਬਾਅਦ ਦੇ ਸਕਣਗੇ।


author

Gurminder Singh

Content Editor

Related News