ਗੈਂਗਸਟਰ ਨੀਟਾ ਦਿਓਲ ਤੇ ਸੁਨੀਲ ਕਾਲੜਾ ਨੂੰ ਨਾਭਾ ਅਦਾਲਤ ''ਚ ਕੀਤਾ ਪੇਸ਼

01/19/2017 8:01:59 PM

ਪਟਿਆਲਾ (ਬਲਜਿੰਦਰ/ਭੂਪਾ/ਜਗਨਾਰ/ਜੈਨ/ਗੋਇਲ)- ਇੰਦੌਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਨਾਭਾ ਜੇਲ ਤੋੜ ਕੇ ਫਰਾਰ ਹੋਏ ਨੀਟਾ ਦਿਓਲ ਅਤੇ ਉਸ ਦੇ ਸਾਥੀ ਸੰਜੀਵ ਕਾਲੜਾ ਨੂੰ ਅੱਜ ਪਟਿਆਲਾ ਪੁਲਸ ਪ੍ਰੋਡਕਸ਼ਨ ਵਾਰੰਟ ''ਤੇ ਪਟਿਆਲਾ ਲਿਆਈ। ਦੋਹਾਂ ਨੂੰ ਨਾਭਾ ਵਿਖੇ ਵੱਖ-ਵੱਖ ਅਦਾਲਤਾਂ ਵਿਚ ਪੇਸ਼ ਕੀਤਾ ਗਿਆ। ਜਿਥੇ ਨੀਟਾ ਦਿਓਲ ਨੂੰ 24 ਜਨਵਰੀ ਤੱਕ ਪੁਲਸ ਰਿਮਾਂਡ ''ਤੇ ਭੇਜ ਦਿੱਤਾ ਗਿਆ ਜਦੋਂ ਕਿ ਸੰਜੀਵ ਕਾਲੜਾ ਨੂੰ 23 ਜਨਵਰੀ ਤੱਕ ਪੁਲਸ ਰਿਮਾਂਡ ''ਤੇ ਭੇਜਿਆ ਗਿਆ ਹੈ। ਦੋਹਾਂ ਨੂੰ ਇੰਦੌਰ ਪੁਲਸ ਨੇ ਲੰਘੇ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਸੀ।

ਦੱਸਣਯੋਗ ਹੈ ਕਿ ਪਿਛਲੇ ਸਾਲ 27 ਨਵੰਬਰ ਨੂੰ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਨਾਭਾ ਜੇਲ ''ਤੇ ਹਮਲਾ ਕਰਕੇ 6 ਦੋਸ਼ੀਆਂ ਨੂੰ ਛੁੱਡਵਾ ਲਿਆ ਸੀ, ਜਿਨ੍ਹਾਂ ਵਿਚ ਨੀਟਾ ਦਿਓਲ ਵੀ ਸ਼ਾਮਲ ਸੀ ਜੋ ਕਿ ਫਰਾਰ ਹੋਣ ਤੋਂ ਬਾਅਦ ਸੰਜੀਵ ਕਾਲੜਾ ਦੇ ਕੋਲ ਰਹਿ ਰਿਹਾ ਸੀ। ਸੰਜੀਵ ਕਾਲੜਾ ਭਾਦਸੋਂ ਦੇ ਸ਼ਿਵਾਨੀ ਹੱਤਿਆਕਾਂਡ ਵਿਚ ਮੁੱਖ ਦੋਸ਼ੀ ਸੀ ਤੇ ਮਾਨਯੋਗ ਅਦਾਲਤ ਵਲੋਂ ਉਸ ਨੂੰ ਉਮਰ ਕੈਦ (ਟਿੱਲ ਡੈੱਥ) ਦੀ ਸਜ਼ਾ ਸੁਣਾਈ ਗਈ ਸੀ। ਸੰਜੀਵ ਕਾਲੜਾ ਵੀ ਨਾਭਾ ਦੀ ਮੈਕਸੀਮਮ ਜੇਲ ਵਿਚ ਸਜ਼ਾ ਕੱਟ ਰਿਹਾ ਸੀ, ਜਿਥੇ ਦੋਹਾਂ ਵਿਚ ਦੋਸਤੀ ਹੋ ਗਈ ਸੀ। ਸੰਜੀਵ ਕਾਲੜਾ ਪੈਰੋਲ ''ਤੇ ਜਦੋਂ ਬਾਹਰ ਆਇਆ ਤਾਂ ਭਗੌੜਾ ਹੋ ਗਿਆ ਸੀ ਤੇ ਪੁਲਸ ਨੂੰ ਉਸ ਦੀ ਵੀ ਭਾਲ ਸੀ।

ਸੰਜੀਵ ਕਾਲੜਾ ਨਾਲ ਦੋਸਤੀ ਹੋਣ ਕਾਰਨ ਨੀਟਾ ਦਿਓਲ ਵੀ ਫਰਾਰ ਹੋਣ ਤੋਂ ਬਾਅਦ ਸੰਜੀਵ ਕਾਲੜਾ ਦੇ ਕੋਲ ਰਹਿ ਰਿਹਾ ਸੀ। ਪੁਲਸ ਨੇ ਦੋਹਾਂ ਦਾ ਪੁਲਸ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਤੋਂ ਅੱਜ ਬਾਕੀ ਫਰਾਰ ਗੈਂਗਸਟਰਾਂ ਅਤੇ ਕਸ਼ਮੀਰਾ ਸਿੰਘ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਸੀ।


Related News