13 ਸਾਲ ਪੁਰਾਣੇ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਦੋਸ਼ ਤੈਅ
Saturday, Aug 24, 2024 - 11:34 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਇਕ ਹੋਰ ਨੌਜਵਾਨ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਖ਼ਿਲਾਫ਼ 13 ਸਾਲ ਪੁਰਾਣੇ ਕੁੱਟਮਾਰ ਦੇ ਕੇਸ ’ਚ ਦੋਸ਼ ਤੈਅ ਹੋ ਗਏ ਹਨ। ਹੁਣ ਕੇਸ ਦੀ ਸੁਣਵਾਈ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਲਾਰੈਂਸ ਵੱਲੋਂ ਪੇਸ਼ ਹੋਏ ਵਕੀਲ ਰਮਨ ਸਿਹਾਗ ਤੇ ਨੀਰਜ ਸਨਸਨੀਵਾਲ ਨੇ ਬਹਿਸ ਦੌਰਾਨ ਕਿਹਾ ਕਿ ਉਹ ਘਟਨਾ ਸਮੇਂ ਮੌਕੇ ’ਤੇ ਮੌਜੂਦ ਨਹੀਂ ਸਨ ਤੇ ਪੁਲਸ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਹੈ।
2011 'ਚ ਦੋਸ਼ੀ ਸਾਥੀਆਂ ਸਮੇਤ ਡੀ. ਏ. ਵੀ. ਕਾਲਜ ਦੇ ਇਕ ਵਿਦਿਆਰਥੀ ਦੇ ਸੈਕਟਰ-40 ਸਥਿਤ ਘਰ ’ਚ ਪਿਸਤੌਲ ਤੇ ਤਲਵਾਰ ਲੈ ਕੇ ਦਾਖ਼ਲ ਹੋਇਆ ਅਤੇ ਕੁੱਟਮਾਰ ਕਰਦਿਆਂ ਧਮਕੀ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ। ਪੀੜਤ ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਗਰੇਵਾਲ ਨੇ ਪੁਲਸ ਨੂੰ ਦੱਸਿਆ ਕਿ 29 ਜੂਨ 2011 ਨੂੰ ਉਹ ਦੋਸਤ ਸਿਕੰਦਰ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਆਪਣੇ ਘਰ ਸੀ। ਲਾਰੈਂਸ ਬਿਸ਼ਨੋਈ ਨੇ ਹੱਥਾਂ ’ਚ ਪਿਸਤੌਲ ਅਤੇ ਤਲਵਾਰਾਂ ਲੈ ਕੇ ਪੰਜ ਵਿਅਕਤੀਆਂ ਨਾਲ ਜ਼ਬਰਦਸਤੀ ਘਰ ’ਚ ਦਾਖ਼ਲ ਹੋ ਕੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਹ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਵਿਦਿਆਰਥੀ ਆਗੂ ਨੇ ਦੋਸ਼ ਲਾਇਆ ਕਿ ਲਾਰੈਂਸ ਤੇ ਉਸ ਦੇ ਸਾਥੀਆਂ ਨੇ ਰੰਜਿਸ਼ ਕਾਰਨ ਇਹ ਵਾਰਦਾਤ ਕੀਤੀ ਹੈ।