ਇਰਾਦਾ-ਏ-ਕਤਲ ਦੇ ਦੋਸ਼ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਜੱਸੀ ਨੂੰ 5 ਸਾਲ ਦੀ ਕੈਦ

01/25/2020 12:23:31 AM

ਰੂਪਨਗਰ,(ਕੈਲਾਸ਼)- ਰੂਪਨਗਰ ਦੀ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਦਿਲਪ੍ਰੀਤ ਸਿੰਘ ਬਾਬਾ ਅਤੇ ਜਸਪਾਲ ਸਿੰਘ ਜੱਸੀ ਨੂੰ ਇਰਾਦਾ-ਏ-ਕਤਲ 'ਚ 5 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦ ਕਿ ਅਦਾਲਤ ਨੇ ਮੁਲਜ਼ਮਾਂ ਨੂੰ ਆਰਮਜ਼ ਐਕਟ 'ਚ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਇਕ ਮੁਲਜ਼ਮ ਜਗਰੂਪ ਸਿੰਘ ਉਰਫ ਰੂਪਾ ਪੁੱਤਰ ਸੁੱਚਾ ਸਿੰਘ ਨਿਵਾਸੀ ਲੋਦੀਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ 28 ਨਵੰਬਰ 2018 ਨੂੰ ਭਗੌੜਾ ਐਲਾਨਿਆ ਗਿਆ ਹੈ। ਮਾਮਲੇ 'ਚ ਸ਼ਿਕਾਇਤਕਰਤਾ ਬਚਿੱਤਰ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਭਾਓਵਾਲ ਥਾਣਾ ਨੂਰਪੁਰਬੇਦੀ ਜ਼ਿਲਾ ਰੂਪਨਗਰ ਨੇ ਪੁਲਸ ਸਾਹਮਣੇ ਬਿਆਨ ਦਿੱਤੇ ਸੀ ਕਿ 4 ਫਰਵਰੀ 2015 ਨੂੰ ਰਾਤ ਸਵਾ ਨੌਂ ਵਜੇ ਉਹ ਆਪਣੇ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਪਿੰਡ ਬੈਂਸਾਂ ਦੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖਰੀਦਣ ਗਿਆ ਸੀ।

ਇਕ ਸਵਿੱਫਟ ਕਾਰ ਆ ਕੇ ਰੁਕੀ ਜਿਸ 'ਚ ਦਿਲਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਨਿਵਾਸੀ ਢਾਹਾਂ ਥਾਣਾ ਨੂਰਪੁਰਬੇਦੀ ਅਤੇ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਕਲਮਾਂ ਥਾਣਾ ਨੂਰਪੁਰਬੇਦੀ ਅਤੇ ਇਕ ਹੋਰ ਨੌਜਵਾਨ ਉਤਰਿਆ। ਉਨ੍ਹਾਂ ਤਿੰਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਦਿਲਪ੍ਰੀਤ ਅਤੇ ਜੱਸੀ ਨੇ ਉਸ 'ਤੇ ਪਿਸਤੌਲ ਨਾਲ ਫਾਇਰ ਕੀਤੇ। ਇਕ ਫਾਇਰ ਉਸਦੇ ਖੱਬੇ ਹੱਥ ਅਤੇ ਦੂਸਰਾ ਫਾਇਰ ਪੇਟ ਦੇ ਖੱਬੇ ਪਾਸੇ ਲੱਗਿਆ। ਉਹ ਆਪਣੀ ਜਾਨ ਬਚਾਉਣ ਲਈ ਉਥੋਂ ਕਿਸੇ ਤਰ੍ਹਾਂ ਭੱਜਿਆ। ਥਾਣਾ ਨੂਰਪੁਰਬੇਦੀ ਦੀ ਪੁਲਸ ਨੇ ਦਿਲਪ੍ਰ੍ਰੀਤ ਅਤੇ ਜੱਸੀ 'ਤੇ 307 ਅਤੇ 34 ਈਪੀਸੀ ਅਤੇ 25,54,59 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਕੇ ਚਲਾਨ ਕੋਰਟ ਸਾਹਮਣੇ ਪੇਸ਼ ਕੀਤਾ। ਅਦਾਲਤ 'ਚ ਸਰਕਾਰ ਵਲੋਂ ਏ.ਡੀ.ਏ. ਸੁਸ਼ੀਲ ਕੁਮਾਰ ਨੇ ਦਲੀਲਾਂ ਪੇਸ਼ ਕੀਤੀਆਂ ਜਿਸ ਦੇ ਆਧਾਰ 'ਤੇ ਅਦਾਲਤ ਨੇ ਦਿਲਪ੍ਰੀਤ ਸਿੰਘ ਬਾਬਾ ਅਤੇ ਜਸਪਾਲ ਸਿੰਘ ਜੱਸੀ ਨੂੰ ਧਾਰਾ 307 ਅਤੇ 34 ਆਈ.ਪੀ. ਸੀ. ਇਰਾਦਾ ਕਤਲ ਦਾ ਦੋਸ਼ੀ ਪਾਉਂਦੇ ਹੋਏ 5-5 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 3 ਮਹੀਨੇ ਦੀ ਕੈਦ ਕੱਟਣੀ ਪਵੇਗੀ।

 


Related News