ਗੈਂਗਸਟਰ ਦਿਲਪ੍ਰੀਤ ਬਾਬਾ ਦੀ ਇਕ ਹੋਰ ਸਾਥਣ ਹਿਰਾਸਤ 'ਚ! (ਵੀਡੀਓ)
Tuesday, Jul 10, 2018 - 07:18 PM (IST)
ਚੰਡੀਗੜ੍ਹ/ਨਵਾਂਸ਼ਹਿਰ (ਜੋਬਨਪ੍ਰੀਤ)— ਬੀਤੇ ਦਿਨ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਹੁਣ ਉਸ ਦੇ ਸਾਥੀਆਂ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਚੰਡੀਗੜ੍ਹ ਪੁਲਸ ਸੋਮਵਾਰ ਦੇਰ ਸ਼ਾਮ ਨਵਾਂਸ਼ਹਿਰ ਦੀ ਵਾਹਿਗੁਰੂ ਕਾਲੋਨੀ ਪਹੁੰਚੀ ਅਤੇ ਹਰਪ੍ਰੀਤ ਕੌਰ ਨਾਂ ਦੀ ਔਰਤ ਦੇ ਘਰ ਛਾਪਾ ਮਾਰ ਕੇ ਪੂਰੇ ਘਰ ਦੀ ਤਲਾਸ਼ੀ ਲਈ। ਹਰਪ੍ਰੀਤ, ਦਿਲਪ੍ਰੀਤ ਬਾਬਾ ਦੀ ਗਰਲਫਰੈਂਡ ਰੁਪਿੰਦਰ ਕੌਰ ਦੀ ਭੈਣ ਹੈ, ਜਿਸ ਨੂੰ ਪੁਲਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਰੇਡ ਦੌਰਾਨ ਉਹ ਵੀ ਪੁਲਸ ਦੇ ਨਾਲ ਸੀ।
ਪੁਲਸ ਨੂੰ ਸੂਚਨਾ ਸੀ ਕਿ ਹਰਪ੍ਰੀਤ ਵੀ ਇਨ੍ਹਾਂ ਦੇ ਨਾਲ ਮਿਲੀ ਹੋਈ ਹੈ ਅਤੇ ਦਿਲਪ੍ਰੀਤ ਬਾਬਾ ਕਈ ਵਾਰ ਉਨ੍ਹਾਂ ਦੇ ਘਰ ਆ ਕੇ ਰੁਕਿਆ ਸੀ। ਪੁਲਸ ਦਾ ਕਹਿਣਾ ਹੈ ਕਿ ਹਰਪ੍ਰੀਤ ਦੇ ਘਰੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜਦਕਿ ਹਰਪ੍ਰੀਤ ਦਾ ਬੇਟਾ ਇਸ ਨੂੰ ਝੂਠ ਦੱਸ ਰਿਹਾ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਪੁਲਸ ਅਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੌਰਾਨ ਦਿਲਪ੍ਰੀਤ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਸੀ। ਪੁਲਸ ਅਤੇ ਦਿਲਪ੍ਰੀਤ 'ਚ ਹੋਈ ਮੁੱਠਭੇੜ ਦੌਰਾਨ ਪੁਲਸ ਵੱਲੋਂ ਕੀਤੀ ਗਈ ਫਾਇਰਿੰਗ 'ਚ ਦਿਲਪ੍ਰੀਤ ਜ਼ਖਮੀ ਹੋ ਗਿਆ ਸੀ।