ਪੰਚਮਨੂਰ ''ਤੇ ਹਮਲਾ ਕਰਨ ਵਾਲਾ ਗੈਂਗਸਟਰ ਭਾਲੂ ਸਾਥੀਆਂ ਸਣੇ ਅੜਿੱਕੇ

09/02/2017 7:18:20 AM

ਜਲੰਧਰ, (ਪ੍ਰੀਤ)— ਕਮਿਸ਼ਨਰੇਟ ਪੁਲਸ ਦੀ ਨੱਕ ਵਿਚ ਦਮ ਕਰਨ ਵਾਲੇ ਗੈਂਗਸਟਰ ਗੁਰਸ਼ਰਨ ਸਿੰਘ ਉਰਭ ਭਾਲੂ ਤੇ ਉਸਦੇ ਸਾਥੀਆਂ ਨੂੰ ਐੱਸ. ਟੀ. ਐੱਫ. ਤੇ ਕਮਿਸ਼ਨਰੇਟ ਪੁਲਸ ਦੇ ਜੁਆਇੰਟ ਆਪ੍ਰੇਸ਼ਨ ਦੌਰਾਨ ਜਲੰਧਰ ਤੇ ਲੁਧਿਆਣਾ ਤੋਂ ਕਾਬੂ ਕੀਤਾ ਹੈ। ਗੈਂਗਸਟਰਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ ਪਰ ਫਿਲਹਾਲ ਪੁਲਸ ਅਧਿਕਾਰੀ ਮਾਮਲੇ ਵਿਚ ਚੁੱਪ ਧਾਰੀ ਬੈਠੇ ਹਨ। ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਉਰਫ ਭਾਲੂ ਕਮਿਸ਼ਨਰੇਟ ਜਲੰਧਰ ਨੂੰ ਕਾਫੀ ਸਮੇਂ ਤੋਂ ਲੋੜੀਂਦਾ ਰਿਹਾ ਹੈ। ਜਨਵਰੀ ਮਹੀਨੇ ਵਿਚ ਉਸਨੇ ਆਪਣੇ ਦੁਸ਼ਮਣ ਪੰਚਮ ਨੂਰ 'ਤੇ ਕੂਲ ਰੋਡ 'ਤੇ ਦਿਨ ਦਿਹਾੜੇ ਫਾਇਰਿੰਗ ਕਰ ਦਿੱਤੀ। ਪੰਚਮ ਨੂਰ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ। ਕਾਫੀ ਸਮੇਂ ਤੱਕ ਇਲਾਜ ਕਰਾਉਣ ਤੋਂ ਬਾਅਦ ਉਸਦੀ ਜਾਨ ਬਚ ਗਈ। 
ਭਾਲੂ ਪੁਲਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਸੀ ਪਰ ਭਾਲੂ ਪੁਲਸ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਏ. ਆਈ. ਜੀ. ਮੁਖਵਿੰਦਰ ਸਿੰਘ ਭੁੱਲਰ ਨੂੰ ਸੂਚਨਾ ਮਿਲੀ ਸੀ ਕਿ ਗੁਰਸ਼ਰਨ ਸਿੰਘ ਭਾਲੂ ਲੁਧਿਆਣਾ ਵਿਚ ਹਨ। ਸੂਚਨਾ ਮਿਲਣ 'ਤੇ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਦੀ ਅਗਵਾਈ ਵਿਚ ਜੁਆਇੰਟ ਆਪ੍ਰੇਸ਼ਨ ਚਲਾਇਆ ਗਿਆ। ਏ. ਆਈ. ਜੀ. ਮੁਖਵਿੰਦਰ ਸਿੰਘ ਭੁੱਲਰ ਤੇ ਡੀ. ਸੀ. ਪੀ. ਰਾਜਿੰਦਰ ਸਿੰਘ ਦੀ ਟੀਮ ਨੇ ਸਵੇਰੇ ਤੜਕੇ ਲੁਧਿਆਣਾ ਤੇ ਜਲੰਧਰ ਦੇ ਵੱਖ-ਵੱਖ ਏਰੀਏ ਵਿਚ ਛਾਪੇਮਾਰੀ ਕਰਕੇ ਗੁਰਸ਼ਰਨ ਸਿੰਘ ਭਾਲੂ ਤੇ ਉਸਦੇ 5 ਸਾਥੀ ਗੈਂਗਸਟਰਾਂ ਮਨਮੋਹਨ ਸਿੰਘ ਉਰਫ ਮਨੂ ਢਾਬਾ, ਪਰਮਜੀਤ ਭਾਊ, ਮੋਹਿਤ ਗੁਪਤਾ, ਵਿਸ਼ਾਲ ਸ਼ਰਮਾ ਤੇ ਹੈਪੀ ਨੂੰ ਕਾਬੂ ਕੀਤਾ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਗੈਂਗਸਟਰਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਹੈ। ਇਸ ਸੰਬੰਧੀ ਕਮਿਸ਼ਨਰੇਟ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਹੈ। ਸ਼ਨੀਵਾਰ ਸਵੇਰੇ ਗੈਂਗਸਟਰਾਂ ਦੀ ਗ੍ਰਿਫਤਾਰੀ ਸੰਬੰਧੀ ਪ੍ਰੈੱਸ ਕਾਨਫਰੰਸ ਵਿਚ ਖੁਲਾਸਾ ਕੀਤਾ ਜਾਵੇਗਾ।
ਜਨਵਰੀ ਤੋਂ ਬਾਅਦ ਦਿੱਲੀ, ਮੁੰਬਈ, ਲੁਧਿਆਣਾ, ਅੰਮ੍ਰਿਤਸਰ ਵਿਚ ਵੀ ਰਿਹਾ ਭਾਲੂ- ਸੂਤਰਾਂ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਭਾਲੂ ਜਨਵਰੀ ਮਹੀਨੇ ਵਿਚ ਪੰਚਮ ਨੂਰ ਨੂੰ ਗੋਲੀ ਮਾਰਨ ਤੋਂ ਬਾਅਦ ਜਲੰਧਰ ਤੋਂ ਭੱਜ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਵਿਸ਼ਾਲ ਸ਼ਰਮਾ ਹੀ ਭਾਲੂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਗਿਆ। ਇਸ ਤੋਂ ਬਾਅਦ ਭਾਲੂ ਦਿੱਲੀ, ਮੁੰਬਈ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਵੀ ਰਿਹਾ। ਇਕ ਜਗ੍ਹਾ ਜ਼ਿਆਦਾ ਦੇਰ ਨਹੀਂ ਰਹਿੰਦਾ ਸੀ। ਜ਼ਿਆਦਾਤਰ ਉਹ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਹੀ ਰਿਹਾ।
ਮਹਿੰਦਰੂ ਮੁਹੱਲੇ ਦਾ ਵਿਸ਼ਾਲ ਸੀ ਭਾਲੂ ਦਾ ਇਨਫਾਰਮਰ- ਸੂਤਰਾਂ ਨੇ ਦੱਸਿਆ ਕਿ ਪੁਲਸ ਟੀਮ ਨੇ ਭਾਲੂ ਨੂੰ ਕਾਬੂ ਕਰਨ ਤੋਂ ਬਾਅਦ ਜਲੰਧਰ ਦੇ ਮਹਿੰਦਰੂ ਮੁਹੱਲਾ ਵਾਸੀ ਵਿਸ਼ਾਲ ਸ਼ਰਮਾ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ਾਲ ਸ਼ਰਮਾ ਭਾਲੂ ਦੇ ਨਾਲ ਲਗਾਤਾਰ ਸੰਪਰਕ ਵਿਚ ਸੀ, ਭਾਵੇਂ ਭਾਲੂ ਨੇ ਉਸਨੂੰ ਕਦੀ ਨਹੀਂ ਦੱਸਿਆ ਕਿ ਉਹ ਕਿਥੇ ਹੈ ਪਰ ਜਲੰਧਰ ਵਿਚ ਹਰੇਕ ਕੰਮ ਲਈ ਭਾਲੂ ਵਿਸ਼ਾਲ ਸ਼ਰਮਾ ਨਾਲ ਸੰਪਰਕ ਕਰਦਾ। ਵਿਸ਼ਾਲ ਸ਼ਰਮਾ ਵੀ ਭਾਲੂ ਦੇ ਕੇਸਾਂ ਦੀ ਪੈਰਵੀ ਤੋਂ ਲੈ ਕੇ ਹੋਰ ਕੰਮ ਕਰਦਾ ਸੀ। 
ਵਿਸ਼ਾਲ ਦੇ ਨਾਲ-ਨਾਲ ਕਈ ਹੋਰ ਨੌਜਵਾਨ ਵੀ ਭਾਲੂ ਨੂੰ ਜਲੰਧਰ ਤੇ ਪੰਚਮ ਨੂਰ ਨਾਲ ਜੁੜੀਆਂ ਸੂਚਨਾਵਾਂ ਦੱਸਦੇ ਸਨ। ਪੁਲਸ ਨੇ ਭਾਲੂ ਤੇ ਉਸ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਲੋਕਾਂ ਦੀ ਲਿਸਟ ਵੀ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਵਿਸ਼ਾਲ ਸ਼ਰਮਾ ਨੂੰ ਪੁਲਸ ਨੇ ਚੁੱਕਿਆ ਤਾਂ ਕਿਸੇ ਵਿਅਕਤੀ ਨੇ ਵੀਡੀਓ ਕਲਿਪ ਬਣਾਈ ਹੈ। ਪੁਲਸ ਉਸ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ।
ਪੰਜਾਬ ਦੇ ਗੈਂਗਸਟਰਾਂ ਦੀ 'ਬੀ-ਕੈਟਾਗਰੀ' ਲਿਸਟ 'ਚ ਭਾਲੂ ਦਾ ਨਾਂ- ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲਸ ਵਲੋਂ ਤਿਆਰ ਕੀਤੀ ਗਈ ਗੈਂਗਸਟਰਾਂ ਦੀ ਲਿਸਟ ਵਿਚ ਗੁਰਸ਼ਰਨ ਸਿੰਘ ਭਾਲੂ ਦਾ ਨਾਂ ਬੀ-ਕੈਟਾਗਰੀ ਵਿਚ ਰੱਖਿਆ ਗਿਆ ਹੈ। ਪਤਾ ਲੱਗਾ ਹੈ ਕਿ ਬੀਤੇ ਸਾਲ ਜਦੋਂ ਸੂਬੇ ਦੇ ਹਰੇਕ ਜ਼ਿਲੇ ਵਿਚ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਗਈ ਤਾਂ ਜਲੰਧਰ ਵਿਚ ਗੁਰਸ਼ਰਨ ਸਿੰਘ ਭਾਲੂ ਦਾ ਨਾਂ ਸਭ ਤੋਂ ਉੱਪਰ ਸੀ। ਸੂਤਰਾਂ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਭਾਲੂ ਦੀ ਆਪਣੇ ਮੁਹੱਲੇ ਦੇ ਰਹਿਣ ਵਾਲੇ ਪੰਚਮ ਨੂਰ ਨਾਲ ਦੁਸ਼ਮਣੀ ਚੱਲਦੀ ਹੈ, ਕਿਉਂਕਿ ਭਾਲੂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼, ਫਾਇਰਿੰਗ ਤੇ ਤਲਵਾਰਬਾਜ਼ੀ ਦੇ ਕੇਸ ਦਰਜ ਹਨ, ਇਸ ਲਈ ਪੁਲਸ ਨੇ ਉਸਨੂੰ ਬੀ-ਕੈਟਾਗਰੀ ਵਿਚ ਰੱਖਿਆ ਹੈ।
ਫੰਡਿੰਗ ਕਰਨ ਵਾਲਿਆਂ ਦੀ ਭਾਲ- ਪੁਲਸ ਸੂਤਰਾਂ ਮੁਤਾਬਕ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਭਾਲੂ ਨੇ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ। ਇਸ ਤੱਥ ਦੀ ਪੁਲਸ ਪੜਤਾਲ ਕਰ ਰਹੀ ਹੈ। ਪੁਲਸ ਭਾਲੂ ਨੂੰ ਫਰਾਰੀ ਦੌਰਾਨ ਫੰਡਿੰਗ ਕਰਨ ਵਾਲੇ ਚਿਹਰਿਆਂ ਦੀ ਵੀ ਭਾਲ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਜਲੰਧਰ ਦੇ ਹੀ ਕੁਝ ਸਿਆਸਤਦਾਨ ਤੇ ਬਦਮਾਸ਼ਾਂ ਦੇ ਚੇਲੇ ਹੀ ਫੰਡਿੰਗ ਕਰਦੇ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਵਲੋਂ ਗੈਂਗਸਟਰਾਂ ਨੂੰ ਫੰਡਿੰਗ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਲਈ ਵੱਖਰੇ ਤੌਰ 'ਤੇ ਪੁੱਛਗਿੱਛ ਕਰ ਰਹੀ ਹੈ। 
ਭਾਲੂ ਨੂੰ ਬੇਗੁਨਾਹ ਸਾਬਿਤ ਕਰਨ ਲਈ ਰਾਜਸੀ ਆਗੂਆਂ ਨੇ ਲਗਾਈ ਸੀ ਇਨਕੁਆਰੀ- ਜਾਣਕਾਰਾਂ ਦੀ ਮੰਨੀਏ ਤਾਂ ਗੁਰਸ਼ਰਨ ਸਿੰਘ ਭਾਲੂ ਦੀ ਮੁਹੱਲੇ ਵਿਚ ਵੀ ਕਾਫੀ ਦਹਿਸ਼ਤ ਰਹੀ। ਲੜਾਈ-ਝਗੜੇ ਲਈ ਹਰ ਪਲ ਤਿਆਰ ਰਹਿਣ ਵਾਲੇ ਭਾਲੂ 'ਤੇ ਜਦੋਂ ਪੁਲਸ ਨੇ ਸ਼ਿਕੰਜਾ ਕੱਸਿਆ ਤਾਂ ਸੱਤਾ ਧਿਰ ਦੇ ਕੁਝ ਰਾਜਨੀਤਕਾਂ ਨੇ ਭਾਲੂ ਦੇ ਸਿਰ 'ਤੇ ਹੱਥ ਰੱਖਿਆ। ਸਿਆਸੀ ਦਬਾਅ ਕਾਰਨ ਸੰਬੰਧਤ ਏਰੀਏ ਦੀ ਥਾਣਾ ਪੁਲਸ ਭਾਲੂ ਨੂੰ ਨਹੀਂ ਫੜਦੀ ਸੀ, ਜਿਸ ਕਾਰਨ ਭਾਲੂ ਦਾ ਹੌਸਲਾ ਖੁਲ੍ਹਦਾ ਗਿਆ ਤੇ ਉਹ ਮੁਹੱਲੇ ਦੇ ਬਦਮਾਸ਼ ਤੋਂ ਸੂਬੇ ਦਾ ਬੀ-ਕੈਟਾਗਰੀ ਦਾ ਗੈਂਗਸਟਰ ਬਣ ਗਿਆ। ਸ਼ਰੇਆਮ ਫਾਇਰਿੰਗ ਤੋਂ ਬਾਅਦ ਵੀ ਭਾਲੂ ਨੂੰ ਬਚਾਉਣ ਲਈ ਹੁਣ ਵੀ ਕੁਝ ਰਾਜਸੀ ਆਗੂ ਸਰਗਰਮ ਰਹੇ। ਚਰਚਾ ਹੈ ਕਿ ਪੰਚਮ ਨੂਰ 'ਤੇ ਸ਼ਰੇਆਮ ਕਾਤਲਾਨਾ ਹਮਲੇ ਵਿਚ ਨਾਮਜ਼ਦ ਭਾਲੂ ਨੂੰ ਨਿਰਦੋਸ਼ ਦੱਸਦਿਆਂ ਪੁਲਸ 'ਤੇ ਦਬਾਅ ਪਾ ਕੇ ਇਨਕੁਆਰੀ ਮਾਰਕ ਕਰਵਾਈ ਗਈ ਸੀ। ਇਸ ਤੱਥ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ।
ਜਨਵਰੀ ਮਹੀਨੇ ਵਿਚ ਦਿਨ-ਦਿਹਾੜੇ ਪੰਚਮ ਨੂਰ 'ਤੇ ਕੀਤੀ ਸੀ ਫਾਇਰਿੰਗ- ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਭਾਲੂ ਨੇ 22 ਜਨਵਰੀ ਨੂੰ ਦਿਨ-ਦਿਹਾੜੇ ਹੀ ਕੂਲ ਰੋਡ ਤੋਂ ਲੰਘ ਰਹੇ ਪੰਚਮ ਨੂਰ 'ਤੇ ਸ਼ਰੇਆਮ ਫਾਇਰਿੰਗ ਕੀਤੀ ਸੀ। ਪੰਚਮ ਨੂਰ ਨੂੰ ਕਈ ਗੋਲੀਆਂ ਲੱਗੀਆਂ ਤੇ ਭਾਲੂ ਫਾਇਰਿੰਗ ਕਰਕੇ ਫਰਾਰ ਹੋ ਗਿਆ। ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਭਾਲੂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਭਾਲੂ ਦੇ ਦੋ ਸਾਥੀਆਂ ਕੁਲਵਿੰਦਰ ਸਿੰਘ ਬੱਬੂ ਤੇ ਪੰਕਜ ਸਹਿਦੇਵ ਨੂੰ ਗ੍ਰਿਫਤਾਰ ਕਰ ਲਿਆ ਪਰ ਭਾਲੂ ਫਰਾਰ ਚੱਲ ਰਿਹਾ ਸੀ। ਵਾਰਦਾਤ ਦੀ ਫੁਟੇਜ ਵੀ ਪੁਲਸ ਕੋਲ ਹੈ। 


Related News