ਯਾਰੀ-ਦੋਸਤੀ ਨਿਭਾਉਂਦਾ ਰੋਬਿਨ ਬਣਿਆ ਬਦਮਾਸ਼  26 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

Wednesday, Aug 28, 2019 - 04:01 PM (IST)

ਯਾਰੀ-ਦੋਸਤੀ ਨਿਭਾਉਂਦਾ ਰੋਬਿਨ ਬਣਿਆ ਬਦਮਾਸ਼  26 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

ਤਰਨਤਾਰਨ/ਅੰਮ੍ਰਿਤਸਰ (ਰਮਨ, ਇੰਦਰਜੀਤ)  ਬੀਤੇ ਕੱਲ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਪਿਛਲੇ ਇਕ ਸਾਲ ਤੋਂ ਕਤਲ ਦੇ ਮਾਮਲੇ ’ਚ ਅਫਰੀਦੀ ਗੈਂਗ ਦਾ ਲੋਡ਼ੀਂਦਾ ਬਦਮਾਸ਼ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਨੂੰ ਇਕ ਵਿਦੇਸ਼ੀ ਕੀਮਤੀ ਪਿਸਤੌਲ ਅਤੇ 26 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਸੀ। ਇਸ ਦੌਰਾਨ ਅਗਲੇਰੀ ਪੁੱਛਗਿੱਛ ਲਈ ਪੁਲਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਦੇ ਹੋਏ 30 ਅਗਸਤ ਤੱਕ ਦਾ ਰਿਮਾਂਡ ਹਾਸਲ ਕਰਦੇ ਹੋਏ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਯਾਰੀ ਦੋਸਤੀ ’ਚ ਬਣ ਗਿਆ ਬਦਮਾਸ਼
ਜਾਣਕਾਰੀ ਅਨੁਸਾਰ ਕੁਝ ਸਾਲ ਪਹਿਲਾਂ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ (23) ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੰਸਾਵਾਲਾ ਜ਼ਿਲਾ ਤਰਨਤਾਰਨ ਦੀ ਦੋਸਤੀ ਉਸੇ ਪਿੰਡ ਦੇ ਵਾਸੀ ਸਾਹਿਲਪ੍ਰੀਤ ਸਿੰਘ ਅਤੇ ਪ੍ਰਭਜੀਤ ਸਿੰਘ ਨਾਲ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਦੀ ਦੋਸਤੀ ਨੇ ਨਵਾਂ ਰੂਪ ਲੈਂਦੇ ਹੋਏ ਇਕਬਾਲ ਸਿੰਘ ਅਫਰੀਦੀ ਜੋ ਅਫਰੀਦੀ ਗੈਂਗ ਦਾ ਮੁਖੀਆ ਸੀ, ਨਾਲ ਸ਼ਾਮਲ ਹੋ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ’ਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਇਨ੍ਹਾਂ ਦੇ ਗੈਂਗ ਦੀ ਪੰਜਾਬ ਭਰ ’ਚ ਮਸ਼ਹੂਰੀ ਹੋਣੀ ਸ਼ੁਰੂ ਹੋ ਗਈ ਅਤੇ ਪੁਲਸ ਨੇ ਇਨ੍ਹਾਂ ਦੀ ਭਾਲ ਕਰਨ ਲਈ ਟ੍ਰੈਪ ਲਾਉਣੇ ਸ਼ੁਰੂ ਕਰ ਦਿੱਤੇ। ਰੋਬਿਨ ਨੇ ਅਫaਰੀਦੀ ਦਾ ਕਈ ਗੈਰ-ਕਾਨੂੰਨੀ ਕੰਮਾਂ ’ਚ ਸਿਰਫ ਦੋਸਤੀ ਨੂੰ ਪਹਿਲ ਦਿੰਦੇ ਹੋਏ ਸਾਥ ਦੇਣ ਕਾਰਣ ਅੱਜ ਉਹ ਇਕ ਬਦਮਾਸ਼ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ, ਜਿਸ ਕਾਰਨ ਉਸ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ।

ਪਿਛਲੇ ਸਾਲ ਹੋਈ ਸੀ ਗੈਂਗਵਾਰ
ਸਰਪੰਚੀ ਨੂੰ ਲੈ ਕੇ ਕਿਸੇ ਵਿਅਕਤੀ ਦਾ ਸਾਥ ਦੇਣ ਕਾਰਣ ਅਫਰੀਦੀ ਗੈਂਗ ਦੇ ਮੁਖੀ ਗੁਰਇਕਬਾਲ ਸਿੰਘ ਅਫਰੀਦੀ ਵਾਸੀ ਫਤਿਆਬਾਦ ਦੀ ਇਕ ਹੋਰ ਕੋਬਰਾ ਗੈਂਗ ਦੇ ਮੁਖੀ ਰੂਬਲਪ੍ਰੀਤ ਸਿੰਘ ਨਾਲ ਕਿਸੇ ਗੱਲੋਂ ਨੋਕ-ਝੋਕ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਗੈਂਗ ਦੇ ਮੁਖੀਆਂ ਨੇ ਆਪਣੇ ਸਾਥੀਆਂ ਸਮੇਤ ਇਕ ਜਗ੍ਹਾ ’ਤੇ ਰਾਜ਼ੀਨਾਮਾ ਕਰਨ ਸਬੰਧੀ ਟਾਈਮ ਮਿੱਥ ਲਿਆ ਪਰ ਜਦੋਂ ਇਹ ਦੋਵੇਂ ਗਰੁੱਪ ਗੋਇੰਦਵਾਲ ਸਾਹਿਬ ਵਿਖੇ ਇਕੱਠੇ ਹੋਣ ਲੱਗੇ ਤਾਂ ਇਨ੍ਹਾਂ ’ਚ ਕਿਸੇ ਗੱਲ ਨੂੰ ਲੈ ਕੇ ਗੈਂਗਵਾਰ ਸ਼ੁਰੂ ਹੋ ਗਈ ਅਤੇ ਇਨ੍ਹਾਂ ਦੋਵਾਂ ਨੇ ਆਹਮੋਂ-ਸਾਹਮਣੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਗੁਰਜੰਟ ਸਿੰਘ ਜੰਟਾ, ਅਰਮਾਨਪ੍ਰੀਤ ਸਿੰਘ ਖਹਿਰਾ ਵਾਸੀ ਖਡੂਰ ਸਾਹਿਬ ਅਤੇ ਸਾਹਿਲ ਪ੍ਰੀਤ ਸਿੰਘ ਵਾਸੀ ਪਿੰਡ ਹੰਸਾਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਸ ਦੌਰਾਨ ਇਕ ਰਿਕਸ਼ਾ ਚਾਲਕ ਰਣਬੀਰ ਸਿੰਘ ਬੀਰਾ ਦੀ ਵੀ ਮੌਤ ਹੋ ਗਈ ਸੀ। ਇਸ ਗੈਂਗਵਾਰ ’ਚ ਰੋਬਿਨ ਨੇ 315 ਬੋਰ ਰਾਈਫਲ ਨਾਲ ਗੋਲੀਆਂ ਚਲਾਈਆਂ ਸਨ, ਜਿਸ ਬਾਬਤ ਥਾਣਾ ਗੋਇੰਦਵਾਲਾ ਦੀ ਪੁਲਸ ਨੇ ਇਕਬਾਲ ਸਿੰਘ ਅਫਰੀਦੀ, ਪ੍ਰਭਜੀਤ ਸਿੰਘ, ਰੂਬਲਜੀਤ ਸਿੰਘ, ਗੁਰਇਕਬਾਲਮੀਤ ਸਿੰਘ ਰੋਬਿਨ, ਗੁਰਸੇਵਕ ਸਿੰਘ ਬੰਬ, ਪਰਗਟ ਸਿੰਘ ਪੱਗਾ ਵਾਸੀ ਕੋਟਲੀ ਸਰੂ ਖਾਂ ਸਮਤੇ ਕਈ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਇਕ ਪਿਸਤੌਲ, ਇਕ 315 ਬੋਰ ਰਾਈਫਲ, ਇਕ ਥਾਰ ਜੀਪ ਅਤੇ 2 ਆਈ. 20 ਕਾਰਾਂ ਕਬਜ਼ੇ ’ਚ ਲਈਆਂ ਸਨ, ਜਿਸ ’ਚ ਰੋਬਿਨ ਪੁਲਸ ਨੂੰ ਲੋਡ਼ੀਂਦਾ ਸੀ।

PunjabKesari

ਥਾਈਲੈਂਡ ਘੁੰਮਣ ਤੋਂ ਬਾਅਦ ਆਇਆ ਕਾਬੂ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰੋਬਿਨ ਦੀ ਰਹਿਣੀ ਬਹਿਣੀ ਪੂਰੀ ਸ਼ਾਨੋਂ ਸ਼ੌਕਤ ਵਾਲੀ ਸੀ, ਜੋ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਮਹਿੰਗੇ ਹੋਟਲ ਅਤੇ ਮਹਿੰਗੀਆਂ ਕਾਰਾਂ ’ਚ ਐਸ਼ ਨਾਲ ਘੁੰਮਦਾ ਸੀ। ਰੋਬਿਨ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ’ਚ ਸਮਾਂ ਬਿਤਾਉਣ ਚਲਾ ਜਾਂਦਾ ਸੀ ਜੋ ਹਾਲ ’ਚ ਹੀ ਥਾਈਲੈਂਡ ਵਿਖੇ 2 ਮਹੀਨੇ ਬਾਅਦ ਵਾਪਸ ਦੇਸ਼ ਪਰਤਿਆ ਸੀ ਅਤੇ ਆਉਂਦੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ।

ਬਰਾਮਦ ਕੀਤੇ ਪਿਸਤੌਲ ਦੀ ਕੀਮਤ 10 ਲੱਖ ਰੁਪਏ
ਬਦਮਾਸ਼  ਰੋਬਿਨ ਕੋਲੋਂ ਪੁਲਸ ਨੇ ਇਕ ਨਾਜਾਇਜ਼ 30 ਬੋਰ ਵਿਦੇਸ਼ੀ ਪਿਸਤੌਲ ਜਿਸ ’ਤੇ ਜਸਟਾਵਾ ਸੈਰਬੀਆ ਦੀ ਮੋਹਰ ਲੱਗੀ ਹੋਈ ਹੈ, ਨੂੰ ਬਰਾਮਦ ਕੀਤਾ ਹੈ। ਜਿਸ ਦੀ ਕੀਮਤ ਭਾਰਤ ਵਿਚ ਕਰੀਬ 10 ਲੱਖ ਰੁਪਏ ਦੱਸੀ ਜਾਦੀ ਹੈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ 26 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।

ਹੋਰ ਖੁਲਾਸੇ ਹੋਣ ਦੀ ਆਸ : ਐੱਸ. ਐੱਸ. ਪੀ .
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਬਦਮਾਸ਼ ਦੀ ਨਿਸ਼ਾਨਦੇਹੀ ’ਤੇ ਜਲਦ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਲਾਈ ਜਾ ਰਹੀ ਹੈ, ਜਿਸ ਸਬੰਧੀ ਜਲਦ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਫਰੀਦੀ ਗੈਂਗ ਦੇ ਮੁਖੀ ਇਕਬਾਲ ਸਿੰਘ ਅਫਰੀਦੀ ਬਦਮਾਸ਼ ਤੋਂ ਇਲਾਵਾ ਕਈ ਹੋਰ ਬਦਮਾਸ਼ ਪਹਿਲਾਂ ਹੀ ਜੇਲ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਰੋਬਿਨ ਦਾ 30 ਅਗਸਤ ਤੱਕ ਰਿਮਾਂਡ ਹਾਸਲ ਕਰਦੇ ਹੋਏ ਪੁੱਛਗਿੱਛ ਤਹਿਤ ਕਈ ਅਹਿਮ ਖੁਲਾਸੇ ਜਲਦ ਹੋਣ ਦੀ ਆਸ ਹੈ।


 


author

Anuradha

Content Editor

Related News