ਗੈਂਗਸਟਰ ਬੱਗਾ ਨੇ ਫੇਸਬੁੱਕ ''ਤੇ ਲਈ ਅਬਦੁਲ ਰਸੀਦ ਦੇ ਕਤਲ ਦੀ ਜ਼ਿੰਮੇਵਾਰੀ
Wednesday, Nov 27, 2019 - 06:38 PM (IST)

ਸੰਗਰੂਰ : ਸੋਮਵਾਰ ਰਾਤ ਮਲੇਰਕੋਟਲਾ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਗੈਂਗਸਟਰ ਅਬਦੁਲ ਰਸੀਦ ਉਰਫ ਘੁੱਦੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਦੇ ਤਿੰਨ ਘੰਟੇ ਬਾਅਦ ਅੰਮ੍ਰਿਤਸਰ ਜੇਲ ਵਿਚ ਬੰਦ ਗੈਂਗਸਟਰ ਬੱਗਾ ਖਾਨ ਉਰਫ ਤੱਖਰ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਫੇਸਬੁਕ 'ਤੇ ਲਿਖਿਆ ਕਿ ਸਲਾਮ ਵਾਲੇਕੁਮ ਜਿਹੜਾ ਅੱਜ ਮਲੇਰਕੋਟਲਾ ਘੁੱਦੂ ਦਾ ਕਤਲ ਹੋਇਆ ਹੈ, ਉਹ ਮੈਂ ਕਰਵਾਇਆ ਹੈ। ਇਹ ਘੁੱਦੂ ਤਾਂ ਮਾਰਿਆ ਕਿਉਂਕਿ ਇਹਨੇ ਮੇਰੇ ਜਿਗਰੀ ਯਾਰ ਗਾਹੀਆ ਦੀ ਪਤਨੀ ਦੇ ਢਿੱਡ ਵਿਚ ਲੱਤ ਮਾਰੀ ਸੀ ਅਤੇ ਉਸ ਦਾ ਬੱਚਾ ਮਾਰ ਦਿੱਤਾ ਸੀ, ਤਾਂ ਮੈਂ ਸਹੁੰ ਚੁੱਕੀ ਸੀ, ਇਹਨੂੰ ਮਾਰ ਦਿਆਂਗਾ। ਇਹ ਜੋ ਕਤਲ ਹੋਇਆ, ਇਹ ਮੇਰੇ ਛੋਟੇ ਵੀਰ ਸ਼ੁਭਾਨ ਭਲਵਾਨ ਨੇ ਕੀਤਾ ਹੈ। ਜੇ ਕਿਸੇ ਦੇ ਦਿਲ ਵਿਚ ਵਹਿਮ ਭੁਲੇਖਾ ਹੈ ਤਾਂ ਉਹ ਵੀ ਜਲਦੀ ਹੀ ਕੱਢ ਦਿਆਂਗਾ। ਤੁਹਾਡਾ ਆਪਣਾ ਵੀਰ ਬੱਗਾ ਖਾਨ।
ਪੁਲਸ ਨੇ ਘਟਨਾ ਦੇ 19 ਘੰਟੇ ਬਾਅਦ 7 ਮੁਲਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵਾਂ 'ਚ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਸ ਦੀ ਕਾਰਵਾਈ 'ਤੇ ਸ਼ੱਕ ਜਤਾ ਕੇ ਮ੍ਰਿਤਕ ਦੀ ਲਾਸ਼ ਦਫਨਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ।