ਗੈਂਗਸਟਰ ਅਮਨਾ ਤੇ ਇਕ ਹੋਰ ਕਾਬੂ , 3 ਕਤਲ ਦੇ ਕੇਸਾਂ ਵਿਚ ਲੋੜੀਂਦਾ ਸੀ

Thursday, Aug 03, 2017 - 06:51 AM (IST)

ਗੈਂਗਸਟਰ ਅਮਨਾ ਤੇ ਇਕ ਹੋਰ ਕਾਬੂ , 3 ਕਤਲ ਦੇ ਕੇਸਾਂ ਵਿਚ ਲੋੜੀਂਦਾ ਸੀ

ਫਿਰੋਜ਼ਪੁਰ  (ਕੁਮਾਰ) - ਫਿਰੋਜ਼ਪੁਰ ਸੀ. ਆਈ. ਏ. ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੇ ਗੈਂਗਸਟਰ ਅਸ਼ੋਕ ਕੁਮਾਰ ਉਰਫ ਅਮਨਾ ਸੇਠ ਪੁੱਤਰ ਦੇਸ ਰਾਜ ਵਾਸੀ ਕੋਹਾਲਾ ਅਤੇ ਉਸਦੇ ਇਕ ਸਾਥੀ ਲਵਪ੍ਰੀਤ ਉਰਫ ਲਵਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਸਤੀ ਕਿਸ਼ਨ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਇਕ ਪਿਸਤੌਲ 32 ਬੋਰ, 5 ਜ਼ਿੰਦਾ ਕਾਰਤੂਸ ਅਤੇ ਗਰਮ ਖਿਆਲੀ ਲਿਟਰੇਚਰ ਬਰਾਮਦ ਹੋਇਆ ਹੈ। ਇਹ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਫਿਰੋਜ਼ਪੁਰ ਗੌਰਵ ਗਰਗ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏ. ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ ਰੂਬੀ, ਡੀ. ਐੱਸ. ਪੀ. ਭੁਪਿੰਦਰ ਸਿੰਘ ਤੇ ਸੀ. ਆਈ. ਏ. ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਮਨਾ ਤੇ ਉਸਦਾ ਇਕ ਸਾਥੀ ਇਸ ਇਲਾਕੇ ਵਿਚ ਘੁੰਮ ਰਹੇ ਹਨ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜੁਆਇੰਟ ਨਾਕਾਬੰਦੀ ਕਰ ਕੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੇ ਦੌਰਾਨ ਅਮਨਾ ਨੇ ਕਈ ਵਾਰਦਾਤਾਂ ਨੂੰ ਮੰਨਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਅਮਨਾ ਤਿੰਨ ਕਤਲ ਦੇ ਕੇਸਾਂ ਵਿਚ ਭਗੌੜਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਕਈ ਹੋਰ ਸੁਰਾਗ ਵੀ ਪੁਲਸ ਦੇ ਹੱਥ ਲੱਗ ਰਹੇ ਹਨ।


Related News