ਹਨੀਟ੍ਰੈਪ ਰਾਹੀਂ ਫੜਿਆ ਗਿਆ ਗੈਂਗਸਟਰ ਦਿਲਪ੍ਰੀਤ ਬਾਬਾ
Monday, Jul 09, 2018 - 09:27 PM (IST)
ਚੰਡੀਗੜ੍ਹ (ਰਮੇਸ਼ ਹਾਂਡਾ): ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਕੁੱਝ ਸਮੇਂ ਤੋਂ ਡਰੱਗਜ਼ ਦਾ ਆਦੀ ਹੋ ਚੁੱਕਾ ਸੀ। ਇਹ ਗੱਲ ਪੁਲਸ ਨੂੰ ਪਤਾ ਸੀ। ਪੁਲਸ ਨੇ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਉਸ ਦੀ ਕਮਜ਼ੋਰੀ ਨੂੰ ਹੀ ਹਥਿਆਰ ਬਣਾਇਆ ਅਤੇ ਉਹ ਹਨੀਟ੍ਰੈਪ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਦਿਲਪ੍ਰੀਤ ਦੀ ਪ੍ਰੇਮਿਕਾ ਹਰਪ੍ਰੀਤ ਨੂੰ ਨਵਾਂਸ਼ਹਿਰ ਤੋਂ ਕਾਬੂ ਕੀਤਾ ਸੀ, ਜਿਸ ਕੋਲੋਂ ਭਾਰੀ ਮਾਤਰਾ 'ਚ ਡਰੱਗਜ਼, ਨਕਦੀ ਅਤੇ ਹਥਿਆਰ ਮਿਲੇ ਸਨ। ਉਸ ਨੇ ਪੁਲਸ ਨੂੰ ਦਿਲਪ੍ਰੀਤ ਦੇ ਨਸ਼ੇ ਦਾ ਆਦੀ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ। ਪੁਲਸ ਨੇ ਹਰਪ੍ਰੀਤ ਦੀ ਮਦਦ ਨਾਲ ਡਰੱਗ ਤਸਕਰ ਨੂੰ ਮੋਹਰਾ ਬਣਾਇਆ, ਜਿਸ ਨੇ ਦਿਲਪ੍ਰੀਤ ਨੂੰ ਵਿਸ਼ਵਾਸ 'ਚ ਲਿਆ ਅਤੇ ਦਿਲਪ੍ਰੀਤ ਨੇ ਉਸ ਨਾਲ ਸਮੈਕ ਦੀ ਡੀਲ ਫਾਈਨਲ ਕੀਤੀ। ਇਸ ਦੀ ਡਿਲੀਵਰੀ ਸੈਕਟਰ-43 ਬਸ ਅੱਡੇ ਦੀ ਪਿਛਲੀ ਸੜਕ 'ਤੇ ਹੋਣੀ ਸੀ। ਦਿਲਪ੍ਰੀਤ ਨੇ ਡਿਲੀਵਰੀ ਮੈਨ ਨੂੰ ਆਪਣੀ ਗੱਡੀ ਦਾ ਨੰਬਰ ਵੀ ਦੇ ਦਿੱਤਾ, ਜੋ ਪੁਲਸ ਲਈ ਵੱਡਾ ਸੁਰਾਗ ਸਾਬਤ ਹੋਇਆ।
ਦਿਲਪ੍ਰੀਤ ਨਿਰਧਾਰਤ ਸਮੇਂ 'ਤੇ ਭੇਸ ਬਦਲਕੇ ਸਮੈਕ ਦੀ ਡਿਲੀਵਰੀ ਲੈਣ ਖੁਦ ਸੈਕਟਰ-43 ਆਇਆ ਸੀ, ਜਿੱਥੇ ਪਹਿਲਾਂ ਹੀ ਪੁਲਸ ਪਾਰਟੀ ਸੰਨ੍ਹ ਲਗਾ ਕੇ ਖੜ੍ਹੀ ਸੀ। ਦਿਲਪ੍ਰੀਤ ਡਰੱਗ ਤਸਕਰ ਨੂੰ ਦਿੱਤੇ ਨੰਬਰ ਵਾਲੀ ਕਾਰ 'ਚ ਜਿਉਂ ਹੀ ਉੱਥੇ ਪਹੁੰਚਿਆ, ਪੁਲਸ ਨੇ ਚਾਰੇ ਪਾਸੇ ਤੋਂ ਉਸਨੂੰ ਘੇਰ ਲਿਆ। ਦਿਲਪ੍ਰੀਤ ਨੇ ਕਾਰ ਤੋਂ ਬਾਹਰ ਨਿਕਲਕੇ ਕੇ ਜੰਗਲ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਅਮਨਜੋਤ ਨੇ ਆਪਣੀ ਫਾਰਚਿਊਨਰ ਕਾਰ 'ਤੋਂ ਉਸ ਦੀ ਕਾਰ ਨੂੰ ਡਰਾਈਵਰ ਪਾਸੇ ਤੋਂ ਟੱਕਰ ਮਾਰ ਦਿੱਤੀ। ਜਦੋਂ ਤੱਕ ਉਹ ਸੰਭਲਦਾ, ਡੀ.ਐੱਸ.ਪੀ. ਰਾਕੇਸ਼ ਯਾਦਵ ਨੇ ਗੋਲੀ ਚਲਾ ਦਿੱਤੀ, ਜੋ ਉਸਦੇ ਪੱਟ ਦੇ ਆਰ-ਪਾਰ ਹੋ ਗਈ ਅਤੇ ਉਹ ਉਥੇ ਹੀ ਡਿੱਗ ਪਿਆ।
ਮਹਾਰਾਸ਼ਟਰ 'ਚ ਵੀ ਕੀਤੇ ਸਨ ਦੋ ਕਤਲ:
ਦਿਲਪ੍ਰੀਤ ਨੇ ਮਹਾਰਾਸ਼ਟਰ 'ਚ ਵੀ ਸੁਪਾਰੀ ਲੈਕੇ ਦੋ ਕਤਲ ਕੀਤੇ ਸਨ। ਉੱਥੇ ਵੀ ਉਸ ਖਿਲਾਫ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਦਿਲਪ੍ਰੀਤ ਨੇ ਆਪਣੀ ਗੈਂਗ ਨਾਲ ਮਿਲ ਕੇ ਰੋਪੜ 'ਚ ਵੀ ਮਲ ਪਹਿਲਵਾਨ ਅਤੇ ਇਕ ਹੋਰ ਦਾ ਕਤਲ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਦਿਲਪ੍ਰੀਤ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦੇ 9 ਮਾਮਲੇ ਦਰਜ ਹਨ। ਬਲੈਕਮੇਲਿੰਗ ਅਤੇ ਰੰਗਦਾਰੀ ਦੇ ਵੀ ਦਰਜਨਾਂ ਮਾਮਲੇ ਦਰਜ ਹਨ।
