ਇਟਲੀ ਤੋਂ ਚੱਲਣ ਵਾਲੇ ਅੰਤਰਰਾਸ਼ਟਰੀ ਗੈਂਗ ਦਾ ਪਰਦਾਫਾਸ਼, 1 ਗ੍ਰਿਫ਼ਤਾਰ, 2 ਨੂੰ ਰੈੱਡ ਕਾਰਨਰ ਨੋਟਿਸ ਜਾਰੀ

02/11/2023 11:48:03 PM

ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ/ਧੀਰ/ਸੋਢੀ/ਜੋਸ਼ੀ)-ਜ਼ਿਲ੍ਹਾ ਪੁਲਸ ਨੇ ਇਟਲੀ ਤੋਂ ਚੱਲਣ ਵਾਲੇ ਇਕ ਅੰਤਰਰਾਸ਼ਟਰੀ ਫਿਰੌਤੀ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆਂ ਗੈਂਗ ਨਾਲ ਸਬੰਧਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗ ਨਾਲ ਸਬੰਧਤ 3 ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ, ਜਿਨ੍ਹਾਂ ’ਚੋਂ 2 ਮੁਲਜ਼ਮ ਇਟਲੀ ’ਚ ਰਹਿ ਰਹੇ ਹਨ। ਵਿਦੇਸ਼ ’ਚ ਰਹਿ ਰਹੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਸ ਲਾਈਨ ਕਪੂਰਥਲਾ ’ਚ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਇਕ ਫਾਈਨਾਂਸਰ ਨੂੰ 2 ਵਿਦੇਸ਼ੀ ਵ੍ਹਟਸਐਪ ਨੰਬਰਾਂ ਤੋਂ ਨਾਮਾਲੂਮ ਵਿਅਕਤੀਆਂ ਨੇ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਕਤ ਮੁਲਜ਼ਮਾਂ ਨੇ ਫਾਈਨਾਂਸਰ ਨੂੰ ਧਮਕੀਆਂ ਦਿੰਦਿਆਂ ਕਿਹਾ ਸੀ ਕਿ ਜੇਕਰ ਉਸ ਨੇ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਸ ਨੂੰ ਗੋਲ਼ੀ ਮਾਰ ਦੇਣਗੇ। ਫਾਈਨਾਂਸਰ ਨੂੰ ਇਹ ਵੀ ਧਮਕੀ ਦਿੱਤੀ ਸੀ ਕਿ ਉਸ ਦੇ ਬੱਚੇ ਕਿੱਥੇ ਪੜ੍ਹਦੇ ਹਨ ਅਤੇ ਕਦੋਂ ਘਰੋਂ ਬਾਹਰ ਨਿਕਲਦੇ ਹਨ, ਇਸ ਸਬੰਧੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬੋਨੀ ਅਜਨਾਲਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਵਿਦੇਸ਼ ਤੋਂ ਫੋਨ ਕਰਨ ਵਾਲੇ ਉਕਤ ਮੁਲਜ਼ਮਾਂ ਨੇ ਖੁਦ ਨੂੰ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਸਾਥੀ ਦੱਸਿਆ ਸੀ ਤੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਨਕੋਦਰ ’ਚ ਪਿਛਲੇ ਦਿਨੀਂ ਜਿਹੜੇ ਉਦਯੋਗਪਤੀ ਦਾ ਕਤਲ ਕੀਤਾ ਗਿਆ ਸੀ, ਉਹ ਕੰਮ ਵੀ ਅਸੀਂ ਕੀਤਾ ਹੈ। ਪੀੜਤ ਫਾਈਨਾਂਸਰ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਦਾਲਤ ਚੱਕ ਸੁਲਤਾਨਪੁਰ ਲੋਧੀ ਦੇ ਬਿਆਨਾਂ ’ਤੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਉਕਤ ਵ੍ਹਟਸਐਪ ਨੰਬਰਾਂ ਬਾਰੇ ਟੈਕਨੀਕਲ ਸੈੱਲ ਦੀ ਮਦਦ ਨਾਲ ਡਾਟਾ ਹਾਸਲ ਕੀਤਾ ਗਿਆ। ਇਸ ਮਮਲੇ ’ਚ ਪੁਲਸ ਨੇ ਇਕ ਮੁਲਜ਼ਮ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਕਤ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਇਟਲੀ ’ਚ ਰਹਿੰਦੇ 2 ਸਾਥੀਆਂ ਤੇ 1 ਪੰਜਾਬ ਨਾਲ ਸਬੰਧਤ ਸਾਥੀ ਦਾ ਖ਼ੁਲਾਸਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਫ਼ੈਸਲੇ ਦਾ CM ਮਾਨ ਨੇ ਕੀਤਾ ਸਵਾਗਤ, ਟਵੀਟ ਕਰ ਕਹੀ ਇਹ ਗੱਲ

ਮਾਸਟਰਮਾਈਂਡ ਜਲੰਧਰ ਦੇ ਪਿੰਡ ਗਿੱਲਾਂ ਦਾ

ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਗਿੱਲਾਂ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਹੈ। ਇਸ ਮੁਲਜ਼ਮ ਨੇ ਇਟਲੀ ’ਚ ਰਹਿੰਦੇ ਆਪਣੇ ਸਾਥੀਆਂ ਸੂਰਜ ਸ਼ਰਮਾ ਉਰਫ ਭਾਲੂ ਪੁੱਤਰ ਮਨਦੀਪ ਕੁਮਾਰ, ਵਾਸੀ ਜਵਾਲਾ ਸਿੰਘ ਨਗਰ, ਥਾਣਾ ਸੁਲਤਾਨਪੁਰ ਲੋਧੀ ਹਾਲ ਵਾਸੀ ਇਟਲੀ, ਹਰਜੀਤ ਸਿੰਘ ਉਰਫ ਭੰਡਾਲ ਪੁੱਤਰ ਹਰਬੰਸ ਸਿੰਘ, ਵਾਸੀ ਪਿੰਡ ਚਿੱਟੀ, ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਇਟਲੀ ਅਤੇ ਗ੍ਰਿਫ਼ਤਾਰ ਮੁਲਜ਼ਮ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਬਲਬੀਰ ਸਿੰਘ, ਵਾਸੀ ਪਿੰਡ ਜੱਬੋਵਾਲ, ਥਾਣਾ ਸੁਲਤਾਨਪੁਰ ਲੋਧੀ ਨਾਲ ਮਿਲ ਕੇ ਇਸ ਸਨਸਨੀਖ਼ੇਜ਼ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਟਲੀ ’ਚ ਰਹਿੰਦੇ 2 ਮੁਲਜ਼ਮ ਸੂਰਜ ਸ਼ਰਮਾ ਉਰਫ ਭਾਲੂ ਤੇ ਹਰਜੀਤ ਸਿੰਘ ਉਰਫ ਭੰਡਾਲ ਨੂੰ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਚੌਥੇ ਮੁਲਜ਼ਮ ਜਸਬੀਰ ਸਿੰਘ ਉਰਫ ਜੱਸਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ SAD-BSP ਗੱਠਜੋੜ ਦੇ ਉਮੀਦਵਾਰ ਨੂੰ ਲੈ ਕੇ ਅਕਾਲੀ ਦਲ ਦਾ ਅਹਿਮ ਬਿਆਨ

ਮੁਲਜ਼ਮਾਂ ’ਤੇ ਪਹਿਲਾਂ ਵੀ ਮਾਮਲੇ ਦਰਜ

ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਗ੍ਰਿਫ਼ਤਾਰ ਮੁਲਜ਼ਮ ਬਲਵਿੰਦਰ ਸਿੰਘ ਦੇ ਖ਼ਿਲਾਫ਼ ਆਰਮਜ਼ ਐਕਟ, ਲੁੱਟ-ਖੋਹ ਦੇ ਪਹਿਲਾਂ ਹੀ ਦੋ ਮਾਮਲੇ ਦਰਜ ਹਨ, ਜਦਕਿ ਸੂਰਜ ਸ਼ਰਮਾ ਉਰਫ ਭਾਲੂ ਦੇ ਖ਼ਿਲਾਫ਼ ਲੁੱਟ, ਡਾਕੇ ਦੀ ਤਿਆਰੀ ਕਰਨ ਅਤੇ ਚੋਰੀ ਦੇ 4 ਮਾਮਲੇ ਦਰਜ ਹਨ। ਉੱਥੇ ਹੀ ਹਰਜੀਤ ਸਿੰਘ ਉਰਫ ਭੰਡਾਲ ਦੇ ਖ਼ਿਲਾਫ਼ ਆਰਮਜ਼ ਐਕਟ, ਲੜਾਈ-ਝਗੜੇ ਸਮੇਤ ਹੋਰ ਮਾਮਲਿਆਂ ਦੇ ਨਾਲ ਸਬੰਧਤ 3 ਮਾਮਲੇ ਦਰਜ ਹਨ, ਜਦਕਿ ਜਸਬੀਰ ਸਿੰਘ ਉਰਫ ਜੱਸਾ ਦੇ ਖ਼ਿਲਾਫ਼ ਇਕ ਲੁੱਟ-ਖੋਹ ਦਾ ਮਾਮਲਾ ਦਰਜ ਹੈ।


Manoj

Content Editor

Related News