ਚੋਰੀ ਦੀਆਂ ਗੱਡੀਆਂ ਦਿੱਲੀ ਤੋਂ ਲਿਆ ਕੇ ਵੇਚਣ ਵਾਲੇ ਗਿਰੋਹ ਦਾ ਮੈਂਬਰ ਕਾਬੂ, 4 ਲਗਜ਼ਰੀ ਗੱਡੀਆਂ ਬਰਾਮਦ
Sunday, Feb 27, 2022 - 05:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਸੀ. ਆਈ. ਏ. ਸਟਾਫ ਦਸੂਹਾ ਦੀ ਟੀਮ ਨੇ ਚੋਰੀ ਦੀਆਂ ਗੱਡੀਆਂ ਦਿੱਲੀ ਤੋਂ ਲਿਆ ਕੇ ਵੇਚਣ ਵਾਲੇ ਮੁਲਜ਼ਮਾਂ ’ਚੋਂ ਇਕ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 4 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਲੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਉਪ-ਪੁਲਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਸਰਬਜੀਤ ਰਾਏ ਅਤੇ ਇੰਚਾਰਜ ਸੀ. ਆਈ. ਏ. ਇੰਸਪੈਕਟਰ ਲਖਬੀਰ ਸਿੰਘ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਰੂਸ ਵੱਲੋਂ ਹਮਲਿਆਂ ਦਰਮਿਆਨ ਜਾਨ ਬਚਾਉਣ ਲਈ 2 ਲੱਖ ਤੋਂ ਵੱਧ ਯੂਕ੍ਰੇਨੀਆਂ ਨੇ ਛੱਡਿਆ ਦੇਸ਼ : ਸੰਯੁਕਤ ਰਾਸ਼ਟਰ
ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ 2 ਫਰਵਰੀ ਨੂੰ ਥਾਣਾ ਟਾਂਡਾ ’ਚ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੁਲੱਥ ਅਤੇ ਬਲਜਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਵਾਰਡ 15 ਦਸੂਹਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਟੀਮ ਨੇ ਇਨ੍ਹਾਂ ’ਚੋਂ ਬਲਜਿੰਦਰ ਨੂੰ ਕਾਬੂ ਕਰ ਲਿਆ ਹੈ। ਇਸ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਿੱਲੀ ਦੇ ਡੀਲਰਾਂ ਕੋਲੋਂ ਚੋਰੀ ਦੀਆਂ ਗੱਡੀਆਂ ਸਸਤੇ ਭਾਅ ’ਚ ਲਿਆ ਕੇ ਪੰਜਾਬ ’ਚ ਭੋਲੇ-ਭਾਲੇ ਲੋਕਾਂ ਨੂੰ ਮਹਿੰਗੇ ਭਾਅ ’ਚ ਵੇਚਣ ਲਈ ਲਿਆਂਦੀਆਂ ਹਨ। ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚਾਰ ਦਿਨ ਦੇ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਦੂਜੇ ਸਾਥੀ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਦੋ ਫਾਰਚੂਨਰ ਗੱਡੀਆਂ, ਬਰੀਜ਼ਾ ਅਤੇ ਵਰਨਾ ਗੱਡੀ ਬਰਾਮਦ ਕੀਤੀ ਗਈ ਹੈ।