NRI ਦੀਆਂ ਜ਼ਮੀਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਵੇਚਣ ਵਾਲਾ ਗਿਰੋਹ ਬੇਨਕਾਬ

Sunday, Oct 27, 2024 - 03:47 AM (IST)

ਮੋਗਾ (ਆਜ਼ਾਦ) - ਮੋਗਾ ਪੁਲਸ ਵਲੋਂ ਮਾੜੇ ਅਨਸਰਾਂ  ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵਿਦੇਸ਼ਾਂ ਵਿਚ ਰਹਿੰਦੇ ਐੱਨ. ਆਰ. ਆਈ. ਵਿਅਕਤੀਆਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਜ਼ਮੀਨਾਂ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰ ਕੇ ਗਿਰੋਹ ਦੇ ਇਕ ਮੈਂਬਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕਰ ਕੇ ਉਸ ਕੋਲੋਂ 50 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। ਇਸ ਸਬੰਧੀ  ਐੱਸ. ਪੀ. ਸਪੈਸ਼ਲ ਕਰਾਈਮ ਸੰਦੀਪ ਕੁਮਾਰ ਵਢੇਰਾ ਨੇ  ਕਿਹਾ ਕਿ ਜ਼ਿਲਾ ਪੁਲਸ ਮੁਖੀ ਅਜੈ ਗਾਂਧੀ ਦੇ ਨਿਰਦੇਸ਼ਾਂ ’ਤੇ ਐੱਨ. ਆਰ. ਆਈ. ਵਿਅਕਤੀਆਂ ਦੀਆਂ ਜ਼ਮੀਨਾਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੇਚਣ ਵਾਲੇ ਗਿਰੋਹਾਂ ਨੂੰ ਕਾਬੂ ਕਰਨ  ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। 

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਰਜਨੀਸ਼ ਕੁਮਾਰ ਨਿਵਾਸੀ ਜੀ. ਟੀ. ਰੋਡ ਮੋਗਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਕਤ ਗਿਰੋਹ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਪਿੰਡ ਔਲਖ਼ ਕਲਾਂ, ਬਿੱਟੂ ਨਿਵਾਸੀ ਸਿੱਧਵਾਂ ਬੇਟ, ਰਵੀ ਕੁਮਾਰ ਨਿਵਾਸੀ ਬਟਾਲਾ ਅਤੇ ਦਲਜੀਤ ਸਿੰਘ ਉਰਫ ਬਬਲੀ ਨਿਵਾਸੀ ਸੰਤੋਖ ਸਿੰਘ ਨਗਰ ਲੁਧਿਆਣਾ ਅਤੇ ਕੁਝ ਹੋਰਨਾਂ ਮੈਂਬਰਾਂ ਨੇ ਪਿੰਡ ਚੂਹੜਚੱਕ ਵਿਖੇ ਸਥਿਤ ਐੱਨ. ਆਰ. ਆਈ. ਗੁਰਿੰਦਰਪਾਲ ਸਿੰਘ ਨਿਵਾਸੀ ਕੈਨੇਡਾ ਅਤੇ ਇਸ ਦੇ ਚਚੇਰੇ ਭਰਾ ਸਤਵੀਰ ਸਿੰਘ ਨਿਵਾਸੀ ਚੂਹੜਚੱਕ ਹਾਲ ਇੰਗਲੈਂਡ ਦੀ ਜ਼ਮੀਨ ਨੂੰ ਆਪਣੀ ਦੱਸ ਕੇ ਉਕਤ ਦੋਨਾਂ ਐੱਨ. ਆਰ. ਆਈ. ਵਿਅਕਤੀਆਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਇਲਾਵਾ ਜਿਸ ਵਿਚ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਅਤੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਨ੍ਹਾਂ ਦੀ 17 ਕਿੱਲੇ 4 ਕਨਾਲ, 14 ਮਰਲੇ ਜ਼ਮੀਨ ਦਾ ਸੋਦਾ ਮੇਰੇ ਨਾਲ 7 ਲੱਖ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਕੇ 24 ਸਤੰਬਰ 2024 ਨੂੰ ਉਕਤ ਗਿਰੋਹ ਦੇ ਗੁਰਪ੍ਰੀਤ ਸਿੰਘ ਗੋਪੀ ਅਤੇ ਰਵੀ ਕੁਮਾਰ ਨੇ 58 ਲੱਖ ਰੁਪਏ ਹਾਸਲ ਕੀਤੇ ਅਤੇ ਇਸ ਉਪਰੰਤ 6 ਅਕਤੂਬਰ 2024 ਨੂੰ 8 ਲੱਖ ਰੁਪਏ ਹੋਰ ਲੈਣ ਦੇ ਇਲਾਵਾ 42 ਲੱਖ ਰੁਪਏ ਦੇ ਕੁੱਲ 4 ਚੈਕ ਵੀ ਹਾਸਲ ਕਰ ਕੇ ਕੁੱਲ 66 ਲੱਖ ਰੁਪਏ ਨਕਦ ਅਤੇ 42 ਲੱਖ ਰੁਪਏ ਦੇ ਚੈੱਕ ਲੈ ਕੇ 1 ਕਰੋੜ 8 ਲੱਖ ਰੁਪਏ ਦੀ ਠੱਗੀ ਮਾਰੀ ਹੈ। 

ਇਸ ਸਬੰਧ ਵਿਚ ਮੋਗਾ ਪੁਲਸ ਵਲੋਂ ਥਾਣਾ ਅਜੀਤਵਾਲ ਵਿਚ ਉਕਤ ਗਿਰੋਹ ਦੇ ਮੈਂਬਰਾਂ  ਖਿਲਾਫ ਮਾਮਲਾ ਦਰਜ ਕੀਤਾ ਗਿਆ। ਐੱਸ. ਪੀ. ਕ੍ਰਾਈਮ ਸੰਦੀਪ ਕੁਮਾਰ ਵਢੇਰਾ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਉਨ੍ਹਾਂ ਦੀ ਜ਼ਮੀਨ ਜੋ ਪਿੰਡ ਚੂਹੜਚੱਕ ਵਿਚ ਹੈ, ਦਿਖਾਉਣ ਦੇ ਇਲਾਵਾ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਦੇ ਦਸਤਾਵੇਜ ਵੀ ਚੈੱਕ ਕਰਵਾਏ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਵੀ ਕੁਮਾਰ ਨੇ ਆਪਣੇ-ਆਪ ਨੂੰ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਦੱਸਿਆ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਈ. ਓ. ਵਿੰਗ ਮੋਗਾ ਦੀ ਇੰਚਾਰਜ ਇੰਸਪੈਕਟਰ ਹਰਜੀਤ ਕੌਰ ਨੇ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਗਿਰੋਹ ਦੇ ਗੁਰਪ੍ਰੀਤ ਸਿੰਘ ਗੋਪੀ ਨੂੰ ਜੋ 10 ਲੱਖ ਰੁਪਏ ਲੈਣ ਦੇ ਲਾਲਚ ਵਿਚ ਸ਼ਿਕਾਇਤਕਰਤਾ  ਕੋਲ ਆ ਰਿਹਾ ਸੀ, ਨੂੰ ਲੁਹਾਰਾ ਚੌਕ ਮੋਗਾ ਤੋਂ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਗੋਪੀ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। 

ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਪੀ ਨੇ ਆਪਣੇ ਆਪ ਨੂੰ ਜ਼ਮੀਨ ਦਾ ਅਸਲ ਮਾਲਕ ਗੁਰਿੰਦਰਪਾਲ ਸਿੰਘ ਦੱਸਿਆ ਅਤੇ ਉਸ ਦੇ ਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਜ਼ਮੀਨ ਦਾ ਇਕਰਾਰਨਾਮਾ ਕੀਤਾ, ਜਦਕਿ ਬਿੱਟੂ ਨਿਵਾਸੀ ਸਿੱਧਵਾਂ ਬੇਟ ਨੇ ਉਕਤ ਮਾਮਲੇ ਵਿਚ ਪ੍ਰਾਪਰਟੀ ਡੀਲਰ ਬਣ ਕੇ ਅਸਲ ਜ਼ਮੀਨ ਮਾਲਕਾਂ ਦੀ ਜ਼ਮੀਨ ਦੀ ਦੱਸ ਪਾ ਕੇ ਸੋਦਾ ਕਰਵਾਇਆ ਸੀ, ਜਦਕਿ ਰਵੀ ਕੁਮਾਰ ਨੇ ਅਸਲ ਜ਼ਮੀਨ ਮਾਲਕ ਗੁਰਿੰਦਰਪਾਲ ਸਿੰਘ ਦੇ ਚਾਚੇ ਦੇ ਬੇਟੇ ਸਤਵੀਰ ਸਿੰਘ ਦੀ ਭੂਮਿਕਾ ਨਿਭਾਈ ਅਤੇ ਇਸ ਨੇ ਦੋਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਦਲਜੀਤ ਸਿੰਘ ਬਬਲੀ ਨੇ ਉਕਤ ਮਾਮਲੇ ਵਿਚ ਮੁੱਖ ਭੂਮਿਕਾ ਨਿਭਾਈ।

ਐੱਸ. ਪੀ. ਨੇ ਦੱਸਿਆ ਕਿ ਜ਼ਮੀਨ ਵਿੱਕਰੀ ਮਾਮਲੇ ਵਿਚ ਹਾਸਲ ਕੀਤੇ 66 ਲੱਖ ਰੁਪਏ ਕਥਿਤ ਮੁਲਜ਼ਮਾਂ ਨੇ ਵੰਡ ਲਏ, ਜਿਸ ਵਿਚੋਂ 50 ਹਜ਼ਾਰ ਰੁਪਏ ਬਰਾਮਦ ਕਰਨ ਦੇ ਇਲਾਵਾ ਤਿਆਰ ਕੀਤੇ ਜਾਅਲੀ ਦਸਤਾਵੇਜ਼ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਅਤੇ ਚਾਰ ਅਸਲ ਚੈੱਕ ਜੋ 42 ਲੱਖ ਰੁਪਏ ਦੇ ਹਨ, ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਉਕਤ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।


Inder Prajapati

Content Editor

Related News