ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ ''ਖੇਡ ਫੰਡਾਂ'' ਦੀ ਵਰਤੋਂ ਸਬੰਧੀ ਨਵੀਆਂ ਹਦਾਇਤਾਂ ਜਾਰੀ

03/01/2021 4:07:12 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਸਕੂਲ ਮੁਖੀਆਂ ਕੋਲ ਮੌਜੂਦ ਖੇਡ ਫੰਡ ਦੀ ਵਰਤੋਂ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਇਸ ਨੂੰ ਖ਼ਰਚਣ ਸਬੰਧੀ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਇਸ ਦੀ ਜਾਣਕਾਰੀ ਦਿੰਦੇ ਹੋਏ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਮੁਖੀ ਨੂੰ 60 ਹਜ਼ਾਰ ਰੁਪਏ, ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇੱਕ ਲੱਖ ਰੁਪਏ ਤੱਕ ਅਤੇ ਮਹਿਕਮੇ ਦੇ ਮੁਖੀ ਨੂੰ ਸਮੁੱਚੇ ਫੰਡ ਦੀ ਵਰਤੋਂ ਕਰਨ ਸਬੰਧੀ ਸ਼ਕਤੀਆਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੈਪਟਨ 'ਤੇ ਗਰਜੇ 'ਸੁਖਬੀਰ ਬਾਦਲ', ਸਟੇਜ ਤੋਂ ਕੀਤੇ ਵੱਡੇ ਐਲਾਨ

ਇਹ ਫੰਡ ਖੇਡਾਂ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਵਰਤੋਂ 'ਚ ਲਿਆਂਦੇ ਜਾਣੇ ਹਨ। ਬੁਲਾਰੇ ਦੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਵਾਸਤੇ ਸਕੂਲਾਂ ਨੂੰ ਪੰਜ ਮੈਬਰੀ ਕਮੇਟੀ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ 'ਚ ਇੱਕ ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ (ਐਸ. ਐਮ. ਸੀ.) ਦੇ ਦੋ ਮੈਂਬਰ ਅਤੇ ਸਕੂਲ ਅਧਿਆਪਕਾਂ 'ਚੋਂ ਦੋ ਮੈਂਬਰ ਲੈਣ ਲਈ ਵਿਵਸਥਾ ਕੀਤੀ ਗਈ ਹੈ। ਜਿਸ ਸਕੂਲ 'ਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦਾ ਹੈ, ਉਸ ਨੂੰ ਕਮੇਟੀ 'ਚ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੀ 'ਕੋਰੋਨਾ' ਰਿਪੋਰਟ ਨੇ ਮੰਤਰੀ 'ਰੰਧਾਵਾ' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ

ਖੇਡ ਮੈਦਾਨ ਤਿਆਰ ਕਰਨ ਵਾਸਤੇ ਜ਼ਿਲ੍ਹੇ ਦੇ ਜੇ. ਈ. ਵੱਲੋਂ ਐਸਟੀਮੇਟ ਤਿਆਰ ਕਰਵਾਉਣ ਅਤੇ ਇਸ ਤੋਂ ਬਾਅਦ ਈ. ਟੈਂਡਰਿੰਗ ਰਾਹੀਂ ਵੱਖ-ਵੱਖ ਠੇਕੇਦਾਰਾਂ/ਫਰਮਾਂ ਤੋਂ ਟੈਂਡਰ ਪ੍ਰਾਪਤ ਕਰਕੇ ਖੇਡ ਮੈਦਾਨ ਵਿਕਸਤ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਅਨੁਸਾਰ ਖੇਡ ਮੈਦਾਨ ਦੀ ਤਿਆਰੀ ਕਰਨ ਤੋਂ ਪਹਿਲਾਂ ਤੋਂ ਲੈ ਕੇ ਕੰਮ ਦੇ ਮੁਕੰਮਲ ਹੋਣ ਤੱਕ ਦੀਆਂ ਸਾਰੀਆਂ ਤਸਵੀਰਾਂ ਲੈ ਕੇ ਇਨ੍ਹਾਂ ਨੂੰ ਸਕੂਲ ਦੇ ਰਿਕਾਰਡ 'ਚ ਰੱਖਣ ਲਈ ਵੀ ਆਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬੁਰੀ ਖ਼ਬਰ, ਵੱਧ ਸਕਦੀਆਂ ਨੇ ਕੀਮਤਾਂ!

ਬੁਲਾਰੇ ਅਨੁਸਾਰ ਇਨ੍ਹਾਂ ਸਾਰੀਆਂ ਗਤੀਵਿਧੀਆਂ ’ਤੇ ਨਿਗਰਾਣੀ ਰੱਖਣ ਵਾਸਤੇ ਮਹਿਕਮੇ ਦੇ ਅਧਿਕਾਰੀਆਂ ਦੀਆਂ ਟੀਮਾਂ ਸਮੇਂ-ਸਮੇਂ 'ਤੇ ਸਕੂਲਾਂ ਦਾ ਦੌਰਾ ਕਰਨਗੀਆਂ। ਖੇਡ ਮੈਦਾਨਾਂ ਦੀ ਤਿਆਰੀ ਦੇ ਕੰਮ ’ਤੇ ਨਜ਼ਰ ਰੱਖਣ ਅਤੇ ਖੇਡ ਦੇ ਸਮਾਨ ਦੀ ਖਰੀਦ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ/ਡੀ.ਐਮ.ਸਪੋਰਟਸ/ਬੀ.ਐਮ. ਸਪੋਰਟਸ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਨਿਯਮਾਂ ਦੇ ਅਨੁਸਾਰ ਕੰਮ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ।  
ਨੋਟ : ਪੰਜਾਬ ਸਕੂਲ ਸਿੱਖਿਆ ਮਹਿਕਮੇ ਵਲੋਂ ਖੇਡ ਫੰਡਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਬਾਰੇ ਦਿਓ ਰਾਏ
 


Babita

Content Editor

Related News